ਨਵੀਂ ਦਿੱਲੀ— ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰੀ ਬਜਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਿਆ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਕਿਸੇ ਨੂੰ ਚੱਕਰਵਿਊ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਨੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਿਹਾ, ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਿਰ ਫੜ ਲਿਆ।
ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਜਾਤੀ ਜਨਗਣਨਾ ਦਾ ਮੁੱਦਾ ਵੀ ਉਠਾਇਆ। ਇਸ ਦੌਰਾਨ ਉਨ੍ਹਾਂ ਨੇ ਬਜਟ ਹਲਵਾ ਸਮਾਰੋਹ ਦੀ ਫੋਟੋ ਦਿਖਾਈ। ਰਾਹੁਲ ਗਾਂਧੀ ਨੇ ਫੋਟੋ ਦਿਖਾਉਂਦੇ ਹੋਏ ਕਿਹਾ, 'ਇਸ ਫੋਟੋ 'ਚ ਕੋਈ ਵੀ ਪਿਛੜਾ, ਦਲਿਤ ਜਾਂ ਆਦਿਵਾਸੀ ਅਧਿਕਾਰੀ ਨਜ਼ਰ ਨਹੀਂ ਆ ਰਿਹਾ ਹੈ। ਇਸ 'ਤੇ ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦਾ ਹਲਵਾ ਵੰਡਿਆ ਜਾ ਰਿਹਾ ਹੈ ਅਤੇ ਵਿੱਤ ਮੰਤਰੀ ਹੱਸ ਰਹੇ ਹਨ। ਇਹ ਕੋਈ ਹਾਸੇ ਵਾਲੀ ਗੱਲ ਨਹੀਂ ਹੈ।
ਵਿੱਤ ਮੰਤਰੀ ਨੇ ਸਿਰ ਫੜ ਲਿਆ: ਰਾਹੁਲ ਗਾਂਧੀ ਨੇ ਅੱਗੇ ਦੱਸਿਆ ਕਿ ਇਹ ਹਲਵਾ 20 ਅਧਿਕਾਰੀਆਂ ਵੱਲੋਂ ਬਣਾਇਆ ਗਿਆ ਸੀ ਅਤੇ 20 ਲੋਕਾਂ ਵਿੱਚ ਹੀ ਵੰਡਿਆ ਗਿਆ ਸੀ। ਜਿਹੜੇ ਬਜਟ ਬਣਾ ਰਹੇ ਹਨ, ਉਹ ਇਹ ਦੋ-ਤਿੰਨ ਫੀਸਦੀ ਲੋਕ ਹਨ। ਇਸ ਲਈ ਅਸੀਂ ਜਾਤੀ ਜਨਗਣਨਾ ਕਰਵਾ ਕੇ ਇਸ ਅਸਮਾਨਤਾ ਨੂੰ ਖਤਮ ਕਰਾਂਗੇ। ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਵਿੱਤ ਮੰਤਰੀ ਨੇ ਸਿਰ ਫੜ ਲਿਆ। ਨਿਰਮਲਾ ਸੀਤਾਰਮਨ ਦੀ ਸਿਰ ਫੜੀ ਹੋਈ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਲੋਕ ਸਭਾ 'ਚ ਬਜਟ 'ਤੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਪਿਛਲੇ ਭਾਸ਼ਣ 'ਚ ਮੈਂ ਕੁਝ ਧਾਰਮਿਕ ਧਾਰਨਾਵਾਂ ਦੀ ਗੱਲ ਕੀਤੀ ਸੀ। ਭਗਵਾਨ ਸ਼ਿਵ ਅਤੇ ਅਹਿੰਸਾ ਦਾ ਸੰਕਲਪ ਹੈ ਕਿ ਪਿੱਠ ਪਿੱਛੇ ਤ੍ਰਿਸ਼ੂਲ ਰੱਖਿਆ ਜਾਂਦਾ ਹੈ। ਹੱਥ ਵਿੱਚ ਨਹੀਂ। ਮੈਂ ਸ਼ਿਵਜੀ ਦੇ ਗਲੇ ਦੁਆਲੇ ਸੱਪ ਦੀ ਗੱਲ ਕੀਤੀ। ਮੈਂ ਇਹ ਵੀ ਕਿਹਾ ਕਿ ਸਾਡੇ ਦੇਸ਼ ਵਿੱਚ ਸਾਰੇ ਧਰਮਾਂ ਨੇ ਅਹਿੰਸਾ ਦਾ ਵਿਚਾਰ ਪੇਸ਼ ਕੀਤਾ ਹੈ, ਜਿਸ ਨੂੰ ਜੇਕਰ ਤੁਸੀਂ ਇੱਕ ਵਾਕ ਵਿੱਚ ਕਹਿਣਾ ਚਾਹੁੰਦੇ ਹੋ, ਤਾਂ ਇਹ ਹੋਵੇਗਾ 'ਡਰ ਨਾ'।
ਪ੍ਰਧਾਨ ਮੰਤਰੀ ਬਣਨ ਦਾ ਸੁਪਨਾ : ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵਿੱਚ ਵੀ ਡਰ ਦਾ ਮਾਹੌਲ ਹੈ। ਸੱਤਾਧਾਰੀ ਪਾਰਟੀ ਵਿੱਚ ਸਿਰਫ਼ ਇੱਕ ਆਦਮੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਣ ਦੀ ਇਜਾਜ਼ਤ ਹੈ। ਜੇਕਰ ਰੱਖਿਆ ਮੰਤਰੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਸਮੱਸਿਆ ਹੋਵੇਗੀ। ਇਸੇ ਤਰ੍ਹਾਂ ਦੇਸ਼ ਵਿਚ ਡਰ ਦਾ ਮਾਹੌਲ ਹੈ। ਵਿਰੋਧੀ ਧਿਰ ਦੇ ਨੇਤਾ ਨੇ ਅੱਗੇ ਕਿਹਾ ਕਿ ਬਜਟ ਨੇ ਮੋਦੀ ਦੇ ਇਸ਼ਾਰੇ 'ਤੇ ਜੋਸ਼ ਨਾਲ ਤਾੜੀਆਂ ਮਾਰਨ ਵਾਲੇ ਮੱਧ ਵਰਗ 'ਤੇ ਹਮਲਾ ਕੀਤਾ ਹੈ।