ਗੁਜਰਾਤ/ਅਹਿਮਦਾਬਾਦ—ਗੁਜਰਾਤ ਦੀ ਆਰਥਿਕ ਰਾਜਧਾਨੀ ਅਹਿਮਦਾਬਾਦ 'ਚ ਇਕ ਬੇਰਹਿਮ ਪਿਤਾ ਨੇ ਚੁੱਪ ਨਾ ਕਰਨ 'ਤੇ ਆਪਣੀ ਹੀ 5 ਮਹੀਨੇ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਪਿਤਾ ਪੁੱਤਰ ਦੀ ਇੱਛਾ ਕਾਰਨ ਬੇਟੀ ਦੇ ਜਨਮ ਤੋਂ ਹੀ ਚਿੰਤਤ ਸੀ। ਇਸੇ ਕਾਰਨ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਫਿਲਹਾਲ ਮੁਲਜ਼ਮ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੁਲਜ਼ਮ ਅੰਸਾਰ ਅਹਿਮਦ ਅੰਸਾਰੀ ਗੋਮਤੀਪੁਰ, ਅਹਿਮਦਾਬਾਦ ਦਾ ਰਹਿਣ ਵਾਲਾ ਹੈ, ਉਹ ਸਕਰੈਪ ਮੈਟਲ ਦਾ ਕਾਰੋਬਾਰ ਕਰਦਾ ਹੈ। ਅੰਸਾਰੀ ਆਪਣੀ ਧੀ ਦੇ ਜਨਮ ਤੋਂ ਬਾਅਦ ਤਣਾਅ ਵਿੱਚ ਸੀ ਕਿਉਂਕਿ ਉਹ ਪੁੱਤਰ ਪੈਦਾ ਕਰਨਾ ਚਾਹੁੰਦਾ ਸੀ। ਇੰਨਾ ਹੀ ਨਹੀਂ ਉਸ ਨੇ ਆਪਣੇ ਕਾਰੋਬਾਰ ਵੱਲ ਧਿਆਨ ਦੇਣਾ ਵੀ ਛੱਡ ਦਿੱਤਾ ਅਤੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਹ ਮਾਨਸਿਕ ਰੋਗ ਦੀ ਦਵਾਈ ਵੀ ਲੈ ਰਿਹਾ ਸੀ।
ਘਟਨਾ ਅਨੁਸਾਰ ਬੀਤੀ 28 ਫਰਵਰੀ ਨੂੰ ਅੰਸਾਰ ਆਪਣੀ ਪਤਨੀ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਹਸਪਤਾਲ ਲੈ ਗਿਆ ਸੀ, ਜਦੋਂ ਪਤਨੀ ਸੋਨੋਗ੍ਰਾਫੀ ਲਈ ਹਸਪਤਾਲ ਦੇ ਅੰਦਰ ਗਈ। ਇਸ ਦੌਰਾਨ ਜਦੋਂ ਲੜਕੀ ਰੋਣ ਲੱਗੀ ਤਾਂ ਅੰਸਾਰ ਨੇ ਲੜਕੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੜਕੀ ਚੁੱਪ ਨਾ ਹੋਈ ਤਾਂ ਉਹ ਲੜਕੀ ਨੂੰ ਰਿਕਸ਼ੇ 'ਤੇ ਲੈ ਗਿਆ। ਉਸ ਨੂੰ ਰਿਕਸ਼ੇ ਵਿੱਚ ਬਿਠਾ ਕੇ ਉਸ ਨੇ ਲੜਕੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਲੜਕੀ ਰੋਂਦੀ ਰਹੀ ਤਾਂ ਅੰਸਾਰ ਨੇ ਲੜਕੀ ਦਾ ਮੂੰਹ ਅਤੇ ਗਲਾ ਦਬਾ ਦਿੱਤਾ, ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ।
ਇਸ ਸਬੰਧੀ ਏ.ਸੀ.ਪੀ ਹਿਤੇਂਦਰ ਚੌਧਰੀ ਨੇ ਦੱਸਿਆ ਕਿ ਲੜਕੀ ਦੀ ਹਾਲਤ ਦੇਖ ਕੇ ਅੰਸਾਰ ਉਸ ਨੂੰ ਰਿਕਸ਼ਾ 'ਚ ਬਿਠਾ ਕੇ ਵੋਰਾ ਸਥਿਤ ਰੌਜਾ ਵਾਲੀ ਥਾਂ 'ਤੇ ਲੈ ਗਿਆ। ਇੱਥੇ ਉਸ ਨੇ ਲੜਕੀ ਦੇ ਚਿਹਰੇ 'ਤੇ ਪਾਣੀ ਛਿੜਕਿਆ ਪਰ ਲੜਕੀ ਨੂੰ ਹੋਸ਼ ਨਹੀਂ ਆਇਆ। ਕੁਝ ਹੀ ਦੇਰ ਵਿਚ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੱਚੀ ਨੂੰ ਸ਼ਾਰਦਾਬੇਨ ਹਸਪਤਾਲ ਵੀ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਹਸਪਤਾਲ ਪਹੁੰਚੀ ਅਤੇ ਮੁਲਜ਼ਮ ਅੰਸਾਰ ਨੂੰ ਗ੍ਰਿਫਤਾਰ ਕਰ ਲਿਆ।