ਚੰਡੀਗੜ੍ਹ:ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ਕਪੂਰਥਲਾ ਹਾਊਸ ਦੀ ਤਲਾਸ਼ੀ ਲੈਣ ਪਹੁੰਚੀ। ਕਪੂਰਥਲਾ ਹਾਊਸ ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਹਨ। ਟੀਮ ਨੂੰ ਫਿਲਹਾਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਪੈਸੇ ਵੰਡਣ ਦੀ ਮਿਲੀ ਸ਼ਿਕਾਇਤ
ਮਾਨ ਦੇ ਘਰ ਪਹੁੰਚੇ ਰਿਟਰਨਿੰਗ ਅਫਸਰ ਓਪੀ ਪਾਂਡੇ ਨੇ ਕਿਹਾ ਕਿ "ਸਾਨੂੰ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਹੈ। ਅਸੀਂ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੈ। ਸਾਡੀ ਐੱਫਐੱਸਟੀ ਇੱਥੇ ਆਈ ਸੀ, ਜਿਸਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਮੈਂ ਉਨ੍ਹਾਂ ਨੂੰ ਬੇਨਤੀ ਕਰਨ ਆਇਆ ਹਾਂ ਕਿ ਸਾਨੂੰ ਕੈਮਰਾਪਰਸਨ ਨਾਲ ਅੰਦਰ ਜਾਣ ਦਿੱਤਾ ਜਾਵੇ। CVIGIL ਐਪ 'ਤੇ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਸੀ।"
ਮੁੱਖ ਮੰਤਰੀ ਮਾਨ ਨੇ ਚੁੱਕੇ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ (ਟਵੀਟ) ਉੱਤੇ ਲਿਖਿਆ "ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ। ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ।"