ਨਵੀਂ ਦਿੱਲੀ: ਦਿੱਲੀ ਵਿੱਚ ਭਾਜਪਾ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਦਿੱਲੀ ਵਿਧਾਨ ਸਭਾ ਦਾ ਸੈਸ਼ਨ 24 ਫਰਵਰੀ ਨੂੰ ਸੱਦਿਆ ਗਿਆ ਹੈ। ਇਹ ਸੈਸ਼ਨ 27 ਫਰਵਰੀ ਤੱਕ ਚੱਲੇਗਾ। ਇਸ ਦੌਰਾਨ ਮਹਾਸ਼ਿਵਰਾਤਰੀ ਦੀ ਛੁੱਟੀ ਰਹੇਗੀ। ਅਰਵਿੰਦਰ ਸਿੰਘ ਲਵਲੀ ਪ੍ਰੋਟੇਮ ਸਪੀਕਰ ਹੋਣਗੇ। ਵਿਧਾਨ ਸਭਾ ਵਿੱਚ ਸਭ ਤੋਂ ਸੀਨੀਅਰ ਵਿਧਾਇਕ ਨੂੰ ਪ੍ਰੋਟੇਮ ਸਪੀਕਰ ਬਣਾਇਆ ਜਾਂਦਾ ਹੈ। ਪ੍ਰੋਟੇਮ ਸਪੀਕਰ ਬਣਨ ਤੋਂ ਬਾਅਦ ਲਵਲੀ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।
ਅਰਵਿੰਦਰ ਸਿੰਘ ਲਵਲੀ ਦਿੱਲੀ ਦੀ ਗਾਂਧੀ ਨਗਰ ਵਿਧਾਨ ਸਭਾ ਸੀਟ ਤੋਂ ਜਿੱਤ ਕੇ 5ਵੀਂ ਵਾਰ ਵਿਧਾਇਕ ਬਣੇ ਹਨ। ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਲਵਲੀ ਸ਼ੀਲਾ ਦੀਕਸ਼ਿਤ ਸਰਕਾਰ 'ਚ ਮੰਤਰੀ ਸਨ। ਲਵਲੀ ਇਸ ਵਾਰ ਕਰੀਬ 13 ਹਜ਼ਾਰ ਵੋਟਾਂ ਨਾਲ ਜਿੱਤੇ ਹਨ।
ਕੌਣ ਹੈ ਅਰਵਿੰਦਰ ਸਿੰਘ ਲਵਲੀ?
ਅਰਵਿੰਦਰ ਸਿੰਘ ਦਾ ਜਨਮ 11 ਦਸੰਬਰ 1968 ਨੂੰ ਲੁਧਿਆਣਾ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਹੈ। ਲਵਲੀ ਨੇ ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦੇ ਸਿਆਸੀ ਜੀਵਨ ਦੀ ਨੀਂਹ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੌਰਾਨ ਰੱਖੀ ਗਈ ਸੀ। 1987 ਵਿੱਚ, ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਬਾਅਦ ਵਿੱਚ ਉਨ੍ਹਾਂ ਨੂੰ ਪੂਰਬੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਕੈਗ ਵੱਲੋਂ 14 ਰਿਪੋਰਟਾਂ ਪੇਸ਼ ਕਰਨ ਦੀ ਸੰਭਾਵਨਾ ਹੈ
ਵੀਰਵਾਰ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਵਿਧਾਨ ਸਭਾ ਸੈਸ਼ਨ ਦੀ ਪਹਿਲੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਆਈਆਂ ਕੈਗ ਦੀਆਂ 14 ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ, ਇਸ ਲਈ ਸੰਭਾਵਨਾ ਹੈ ਕਿ ਸਰਕਾਰ ਕੈਗ ਦੀ ਰਿਪੋਰਟ ਸੈਸ਼ਨ ਵਿੱਚ ਪੇਸ਼ ਕਰ ਸਕਦੀ ਹੈ। ਜਿਸ ਵਿੱਚ ਕੈਗ ਵੱਲੋਂ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਿਭਾਗਾਂ 'ਤੇ ਚੁੱਕੇ ਗਏ ਸਵਾਲਾਂ ਨੂੰ ਜਨਤਕ ਕੀਤਾ ਜਾਵੇਗਾ।