ਪਾਕਿਸਤਾਨ ਤੋਂ ਆਉਂਦਾ ਹੈ ਅਸਲਾ (Etv Bharat Amritsar) ਅੰਮ੍ਰਿਤਸਰ:ਲੋਕ ਸਭਾ ਚੋਣਾਂ 2024 ਨੂੰ ਲੈਅ ਕੇ ਦੇਸ਼ ਵਿੱਚ ਰਾਜਨੀਤਿਕ ਮਾਹੌਲ ਕਾਫੀ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਆਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਇਸ ਚੋਣ ਪ੍ਰਚਾਰ ਦੌਰਾਨ ਕਈ ਵਾਰ ਅਜਿਹਾ ਸ਼ਬਦ ਬੋਲ ਦਿੱਤਾ ਜਾਂਦਾ ਹੈ ਜੋ ਕਿ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।
ਡੋਪ ਟੈਸਟ ਦੀ ਮੰਗ : ਬੀਤੇ ਦਿਨਾਂ ਦੌਰਾਨ ਸਾਰੇ ਹੀ ਲੋਕ ਸਭਾ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ ਕਰਨ ਦੇ ਨਾਲ ਚਰਚਾ ਦੇ ਵਿੱਚ ਆਏ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਵੱਲੋਂ ਇੱਕ ਸਟੇਜ ਸੰਬੋਧਨ ਦੌਰਾਨ ਇੱਕ ਅਜਿਹਾ ਹੀ ਸ਼ਬਦ ਬੋਲਿਆ ਗਿਆ ਹੈ ਜਿਸ ਦੇ ਨਾਲ ਉਕਤ ਬਿਆਨ ਦੇ ਉੱਤੇ ਸਿਆਸੀ ਹਲਕਿਆਂ 'ਚ ਚਰਚਾ ਛਿੜ ਗਈ ਹੈ।
ਪਾਕਿਸਤਾਨ ਤੋਂ ਅਸਲਾ ਆਉਂਦਾ ਹੈ: ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਸਟੇਜ ਤੋਂ ਸੰਬੋਧਨ ਕਰਦੇ ਹੋਏ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਅੱਜ ਮਾਵਾਂ ਜਿਹੜੀਆਂ ਰੋਂਦੀਆਂ ਨੇ ਭੁੱਬਾਂ ਮਾਰ ਮਾਰ ਕੇ, ਕਿ ਨਸ਼ਾ ਬੰਦ ਕਰੋ। ਅੱਜ ਵਾਕਿਆ ਹੀ, ਨਸ਼ਾ ਜਿਹੜਾ ਇਸ ਤਰ੍ਹਾਂ ਵਿਕ ਰਿਹਾ ਹੈ, ਜਿਵੇਂ ਖੰਡ ਵਿਕਦੀ ਹੋਵੇ।ਉਨ੍ਹਾਂ ਕਿਹਾ ਕਿ ਮੇਰਾ ਤੁਹਾਡੇ ਨਾਲ ਵਾਅਦਾ ਤਕੜੇ ਹੋ ਜੋ ਤੇ ਸਾਥ ਦਿਓ। ਇਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪਾਕਿਸਤਾਨ ਤੋਂ ਅਸਲਾ ਆਉਂਦਾ ਹੈ ਅਤੇ ਉਹ ਕਿਉਂ ਆਉਂਦਾ ਕਿਉਂਕਿ "ਬੀਐਸਐਫ" ਟਪਾਉਂਦੀ ਹੈ।
ਰੱਖਿਆ ਦੇ ਲਈ ਸਰਹੱਦਾਂ ਤੇ ਦਿਨ ਰਾਤ ਡਿਊਟੀ: ਹੁਣ ਇਸ ਬਿਆਨ ਦਾ ਅਰਥ ਕਿ ਕੱਢਿਆ ਜਾਵੇ ਕੀ, ਕਿ ਦੇਸ਼ ਦੀ ਰੱਖਿਆ ਦੇ ਲਈ ਸਰਹੱਦਾਂ ਤੇ ਦਿਨ ਰਾਤ ਡਿਊਟੀ ਕਰ ਰਹੀ ਬੀ.ਐਸ.ਐੱਫ. (ਬਾਰਡਰ ਸੁਰੱਖਿਆ ਫੋਰਸ) ਤਾਰੋ ਪਾਰ ਦਾ ਅਸਲਾ ਟਪਾਉਂਦੀ ਹੈ ਜਾਂ ਕੁਝ ਹੋਰ। ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਇਸ ਬਿਆਨ ਦੀ ਵੀਡਿਉ ਸਾਡੇ ਕੋਲ ਆਉਣ ਤੇ ਇਸ ਦੇ ਸਹੀ ਅਰਥ ਜਾਨਣ ਅਤੇ ਬਿਆਨ ਸਬੰਧੀ ਉਨ੍ਹਾਂ ਦਾ ਪੱਖ ਪੁੱਛਣ ਲਈ ਪੱਤਰਕਾਰ ਵੱਲੋਂ ਫੋਨ ਕੀਤਾ ਗਿਆ, ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਖ਼ਬਰ ਤੋਂ ਬਾਅਦ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦਾ ਇਸ ਬਿਆਨ ਦੇ ਉੱਤੇ ਕਿ ਸਪਸ਼ਟੀਕਰਨ ਸਾਹਮਣੇ ਆਉਂਦਾ ਹੈ।