ਆਂਧਰਾ ਪ੍ਰਦੇਸ਼/ਅਮਰਾਵਤੀ:ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੂੰ ਵਿਜੇਵਾੜਾ ਦੇ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈਟੀ ਪਾਰਕ ਵਿੱਚ ਆਯੋਜਿਤ ਇੱਕ ਜਨਤਕ ਸਮਾਰੋਹ ਵਿੱਚ ਰਾਜਪਾਲ ਐਸ ਅਬਦੁਲ ਨਜ਼ੀਰ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ।
ਸਹੁੰ ਚੁੱਕ ਸਮਾਗਮ ਵਿੱਚ ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਪੀਐਮ ਮੋਦੀ ਵੀ ਸ਼ਾਮਲ ਹਨ। ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਇਡੂ ਨੂੰ ਗਲੇ ਲਗਾ ਕੇ ਵਧਾਈ ਦਿੱਤੀ।
ਕਿਸ-ਕਿਸ ਨੇ ਚੁੱਕੀ ਮੰਤਰੀ ਵਜੋਂ ਸਹੁੰ:ਚੰਦਰਬਾਬੂ ਨਾਇਡੂ ਦੇ ਨਾਲ ਜਿੰਨ੍ਹਾਂ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ, ਉਨ੍ਹਾਂ ਵਿੱਚ ਜਨ ਸੈਨਾ ਪਾਰਟੀ ਦੇ ਚਾਰ ਅਤੇ ਭਾਜਪਾ ਦਾ ਇੱਕ ਵਿਧਾਇਕ ਸ਼ਾਮਲ ਹੈ। ਇਸ ਦੇ ਨਾਲ ਹੀ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਟੀਡੀਪੀ ਦੇ ਰਾਸ਼ਟਰੀ ਜਨਰਲ ਸਕੱਤਰ ਨਾਰਾ ਲੋਕੇਸ਼ ਅਤੇ ਕੇਏ ਨਾਇਡੂ ਸਮੇਤ 24 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਸਹੁੰ ਚੁੱਕਣ ਵਾਲੇ ਵਿਧਾਇਕ
- ਕੋਲੂ ਰਵਿੰਦਰ
- ਨਦੇਂਦਲਾ ਮਨੋਹਰ
- ਪੋਂਗੁਰੂ ਨਾਰਾਇਣ
- ਅਨੀਤਾ ਵਾਂਗਲਪੁੜੀ
- ਸਤਿਆ ਕੁਮਾਰ ਯਾਦਵ
- ਡਾ. ਨਿੰਮਾਲਾ ਰਾਮਨਾਇਡੂ
- ਨਸਿਆਮ ਮੁਹੰਮਦ ਫਾਰੂਕ
- ਅਨਾਮ ਰਾਮਨਾਰਾਇਣ ਰੈਡੀ
- ਪਯਾਵੁਲਾ ਕੇਸ਼ਵ
- ਅਨਾਗਨੀ ਸਤਿਆ ਪ੍ਰਸਾਦ
- ਕੋਲੁਸੁ ਪਾਰਥਾਸਾਰਥੀ
- ਡਾ. ਡੋਲਾ ਬਾਲਾ ਵੀਰੰਜਨੇਯਾ ਸਵਾਮੀ
- ਗੋਟੀਪਤੀ ਰਵੀ ਕੁਮਾਰ
- ਕੰਦੂਲਾ ਦੁਰਗੇਸ਼
- ਗੁੰਮਾਡੀ ਸੰਧਿਆ ਰਾਣੀ
- ਬੀਸੀ ਜਨਾਰਦਨ ਰੈਡੀ ਟੀ.ਜੀ. ਭਰਤ
- ਐੱਸ. ਸਵਿਤਾ
- ਵਸਮਸੇਟੀ ਸੁਭਾਸ਼
- ਕੋਂਡਾਪੱਲੀ ਸ਼੍ਰੀਨਿਵਾਸ
- ਮੰਡੀਪੱਲੀ ਰਾਮਪ੍ਰਸਾਦ ਰੈੱਡੀ
ਸਮਾਗਮ ਵਿੱਚ ਕਈ ਆਗੂਆਂ ਨੇ ਕੀਤੀ ਸ਼ਿਰਕਤ: ਇਸ ਤੋਂ ਇਲਾਵਾ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਅਤੇ ਰਾਮ ਮੋਹਨ ਨਾਇਡੂ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੇਸਰਪੱਲੀ ਆਈ.ਟੀ.ਪਾਰਕ ਪੁੱਜੇ। ਇਸ ਦੇ ਨਾਲ ਹੀ ਐਨਸੀਪੀ (ਅਜੀਤ ਪਵਾਰ) ਦੇ ਆਗੂ ਪ੍ਰਫੁੱਲ ਪਟੇਲ ਨੇ ਵੀ ਨਾਇਡੂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ, ਜੀ ਕਿਸ਼ਨ ਰੈੱਡੀ ਅਤੇ ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਚਿਰੰਜੀਵੀ ਨੇ ਵੀ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ:ਫਿਲਮ ਅਦਾਕਾਰ ਅਤੇ ਪਦਮ ਵਿਭੂਸ਼ਣ ਪੁਰਸਕਾਰ ਜੇਤੂ ਕੋਨੀਡੇਲਾ ਚਿਰੰਜੀਵੀ ਅਤੇ ਅਦਾਕਾਰ ਰਜਨੀਕਾਂਤ, ਨੰਦਾਮੁਰੀ ਬਾਲਕ੍ਰਿਸ਼ਨ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ ਪਨੀਰਸੇਲਵਮ ਵੀ ਸਮਾਰੋਹ ਵਿੱਚ ਮੌਜੂਦ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੰਦਰਬਾਬੂ ਨਾਇਡੂ ਨੂੰ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ।
ਲੋਕ ਸਭਾ ਚੋਣਾਂ ਵਿੱਚ ਟੀਡੀਪੀ ਦਾ ਸ਼ਾਨਦਾਰ ਪ੍ਰਦਰਸ਼ਨ:ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਅਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਟੀਡੀਪੀ, ਬੀਜੇਪੀ ਅਤੇ ਜਨਸੇਨਾ ਪਾਰਟੀ ਦੇ ਐਨਡੀਏ ਗਠਜੋੜ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਗਠਜੋੜ ਨੇ 175 ਵਿੱਚੋਂ 164 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ ਟੀਡੀਪੀ ਨੇ 135, ਜਨਸੈਨਾ ਨੇ 21 ਅਤੇ ਭਾਜਪਾ ਨੇ ਅੱਠ ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ 'ਚ ਵੀ ਐਨਡੀਏ ਗਠਜੋੜ ਨੇ ਸੂਬੇ ਦੀਆਂ 35 'ਚੋਂ 21 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।