ਮੁੰਬਈ: ਮੈਡੀਕਲ ਦਾਖ਼ਲਾ ਪ੍ਰੀਖਿਆ NEET-UG 2024 ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ CBI ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਾਂਚ ਏਜੰਸੀ ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਲਾਤੂਰ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ NEET-UG 'ਚ ਕਥਿਤ ਧਾਂਦਲੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।
NEET-UG ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਵੱਲੋਂ ਕੀਤੀ ਗਈ ਇਹ 8ਵੀਂ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ, ਸੀਬੀਆਈ ਨੇ 3 ਜੁਲਾਈ ਨੂੰ NEET-UG ਮਾਮਲੇ ਵਿੱਚ ਬੇਨਿਯਮੀਆਂ ਦੇ ਸਬੰਧ ਵਿੱਚ ਸ਼ੱਕੀ ਮੁੱਖ ਸਾਜ਼ਿਸ਼ਕਰਤਾ ਨੂੰ ਧਨਬਾਦ, ਝਾਰਖੰਡ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਦੀ ਪਛਾਣ ਅਮਨ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸੀਬੀਆਈ ਨੇ ਗੁਜਰਾਤ ਦੇ ਗੋਧਰਾ ਤੋਂ ਇੱਕ ਪ੍ਰਾਈਵੇਟ ਸਕੂਲ ਦੇ ਮਾਲਕ ਨੂੰ ਉਮੀਦਵਾਰਾਂ ਦੇ ਅੰਕ ਵਧਾਉਣ ਦੇ ਬਦਲੇ ਪੈਸੇ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਸੀਬੀਆਈ ਨੇ ਪੇਪਰ ਲੀਕ ਮਾਮਲੇ ਵਿੱਚ ਇੱਕ ਹਿੰਦੀ ਮੀਡੀਆ ਸੰਸਥਾ ਦੇ ਮਾਰਕੀਟਿੰਗ ਪੇਸ਼ੇਵਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜੂਨ ਵਿੱਚ, ਸੀਬੀਆਈ ਨੇ ਦੋ ਮੁਲਜ਼ਮਾਂ, ਡਾਕਟਰ ਅਹਿਸਾਨ ਉਲ ਹੱਕ ਅਤੇ ਇਮਤਿਆਜ਼ ਆਲਮ ਨੂੰ ਗ੍ਰਿਫਤਾਰ ਕੀਤਾ ਸੀ, ਜੋ ਝਾਰਖੰਡ ਦੇ ਹਜ਼ਾਰੀਬਾਗ ਵਿੱਚ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਵਜੋਂ ਕੰਮ ਕਰਦੇ ਸਨ। ਹੱਕ ਨੂੰ NEET-UG ਪ੍ਰੀਖਿਆ 2024 ਲਈ ਸਿਟੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰੀ ਏਜੰਸੀ ਨੇ ਪਟਨਾ ਤੋਂ ਕੰਮ ਕਰਨ ਵਾਲੇ ਦੋ ਹੋਰ ਦੋਸ਼ੀਆਂ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਸੀ।
ਸੀਬੀਆਈ ਅਧਿਕਾਰੀਆਂ ਮੁਤਾਬਕ ਆਸ਼ੂਤੋਸ਼ ਵਿਦਿਆਰਥੀਆਂ ਲਈ ਸੁਰੱਖਿਅਤ ਘਰ ਦਾ ਇੰਤਜ਼ਾਮ ਕਰ ਰਿਹਾ ਸੀ, ਜਦਕਿ ਮਨੀਸ਼ ਉਮੀਦਵਾਰਾਂ ਨੂੰ ਪ੍ਰੀਖਿਆ ਦੀ 'ਤਿਆਰ' ਕਰਨ ਲਈ ਸਕੂਲ ਲੈ ਜਾ ਰਿਹਾ ਸੀ। ਮਨੀਸ਼ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਸੀ ਅਤੇ ਵਿਦਿਆਰਥੀਆਂ ਨੂੰ ਆਸ਼ੂਤੋਸ਼ ਦੇ ਘਰ ਠਹਿਰਾਇਆ ਗਿਆ ਸੀ।
ਜੂਨ ਦੀ ਸ਼ੁਰੂਆਤ ਵਿੱਚ ਕੇਂਦਰ ਸਰਕਾਰ ਨੇ NEET-UG ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਸੀਬੀਆਈ ਨੇ ਕਥਿਤ ਪੇਪਰ ਲੀਕ, ਡਮੀ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਅਤੇ ਧੋਖਾਧੜੀ ਨਾਲ ਸਬੰਧਤ ਕਈ ਐਫਆਈਆਰ ਦਰਜ ਕੀਤੀਆਂ ਸਨ।