ਨਵੀਂ ਦਿੱਲੀ: ਪਟਪੜਗੰਜ ਵਿਧਾਨ ਸਭਾ ਤੋਂ ਨਵੇਂ ਚੁਣੇ ਗਏ ਵਿਧਾਇਕ ਰਵਿੰਦਰ ਸਿੰਘ ਨੇਗੀ ਨੇ ਸਾਬਕਾ ਵਿਧਾਇਕ ਮਨੀਸ਼ ਸਿਸੋਦੀਆ 'ਤੇ ਵਿਧਾਇਕ ਦੇ ਦਫਤਰ 'ਚੋਂ ਸਾਮਾਨ ਗਾਇਬ ਕਰਨ ਦਾ ਇਲਜ਼ਾਮ ਲਗਾਇਆ ਹੈ। ਰਵਿੰਦਰ ਸਿੰਘ ਨੇਗੀ ਨੇ ਸੋਮਵਾਰ ਸ਼ਾਮ ਨੂੰ ਦੱਸਿਆ ਕਿ ਵਿਧਾਇਕ ਹੋਣ ਕਾਰਨ ਉਨ੍ਹਾਂ ਨੂੰ ਪਟਪੜਗੰਜ ਦਾ ਵਿਧਾਇਕ ਦਫਤਰ ਅਲਾਟ ਕੀਤਾ ਗਿਆ ਹੈ।
ਵਿਧਾਇਕ ਦਾ ਦਫ਼ਤਰ ਸਾਬਕਾ ਵਿਧਾਇਕ ਮਨੀਸ਼ ਸਿਸੋਦੀਆ ਦਾ ਕੈਂਪ ਦਫ਼ਤਰ ਹੋਇਆ ਕਰਦਾ ਸੀ। ਜਦੋਂ ਨਵੇਂ ਚੁਣੇ ਵਿਧਾਇਕ ਰਵਿੰਦਰ ਸਿੰਘ ਨੇਗੀ ਇਸ ਦਫ਼ਤਰ ਪੁੱਜੇ ਤਾਂ ਦਫ਼ਤਰ ਵਿੱਚ ਕੋਈ ਵੀ ਸਾਮਾਨ ਮੌਜੂਦ ਨਹੀਂ ਸੀ, ਮੇਜ਼ ਅਤੇ ਕੁਰਸੀਆਂ ਸਭ ਗਾਇਬ ਸਨ, ਇੱਥੋਂ ਤੱਕ ਕਿ ਟੀ.ਵੀ., ਸਾਊਂਡ ਸਿਸਟਮ ਅਤੇ ਏ.ਸੀ ਵੀ ਗਾਇਬ ਹੋ ਚੁੱਕਾ ਸੀ। ਹਾਲਾਂਕਿ ਇਨ੍ਹਾਂ ਸਾਰੇ ਇਲਜ਼ਾਮਾਂ 'ਤੇ ਮਨੀਸ਼ ਸਿਸੋਦੀਆ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਰਵਿੰਦਰ ਸਿੰਘ ਨੇਗੀ ਨੇ ਕਿਹਾ ਕਿ ਦਫ਼ਤਰ ਦਾ ਸਿਰਫ਼ ਢਾਂਚਾ ਹੀ ਖੜ੍ਹਾ ਹੈ। ਸਾਰਾ ਸਮਾਨ ਚੋਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਵਾਜ਼ੇ ਵੀ ਟੁੱਟੇ ਹੋਏ ਹਨ। ਵਿਧਾਇਕ ਦੇ ਦਫ਼ਤਰ ਦੀ ਹਾਲਤ ਖਸਤਾ ਹੋ ਚੁੱਕੀ ਹੈ। ਭਾਜਪਾ ਵਿਧਾਇਕ ਦਾ ਕਹਿਣਾ ਹੈ ਕਿ ਇੱਥੇ 200 ਤੋਂ ਵੱਧ ਕੁਰਸੀਆਂ ਸਨ ਅਤੇ ਉਹ ਵੀ ਇੱਥੋਂ ਗਾਇਬ ਹਨ। ਰਵਿੰਦਰ ਸਿੰਘ ਨੇਗੀ ਨੇ ਇੰਨ੍ਹਾਂ ਇਲਜ਼ਾਮਾਂ ਨਾਲ ਆਪਣਾ ਗੁੱਸਾ 'ਆਪ' 'ਤੇ ਕੱਢਿਆ।
ਰਵਿੰਦਰ ਸਿੰਘ ਨੇਗੀ ਨੇ 'ਆਪ' ਅਤੇ ਸਿਸੋਦੀਆ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਜੋ ਕੱਟੜ ਹੋਣ ਦਾ ਦਾਅਵਾ ਕਰਦੇ ਸਨ, ਉਹ ਦਫ਼ਤਰ ਦਾ ਸਮਾਨ ਤੱਕ ਇੱਥੋਂ ਲੈਕੇ ਜਾ ਚੁੱਕੇ ਹਨ। ਜਿਸ ਕਾਰਨ ਦਿੱਲੀ ਦੀ ਜਨਤਾ ਨੇ ਇੰਨ੍ਹਾਂ ਨੂੰ ਸਿਖਾ ਕੇ ਉਨ੍ਹਾਂ ਦੇ ਹੱਥੋਂ ਸੱਤਾ ਖੋਹ ਲਈ ਹੈ। ਭਾਜਪਾ ਵਿਧਾਇਕ ਰਵਿੰਦਰ ਸਿੰਘ ਨੇਗੀ ਦਾ ਕਹਿਣਾ ਹੈ ਕਿ ਵਿਧਾਇਕ ਦਫਤਰ 'ਚੋਂ ਸਾਮਾਨ ਚੋਰੀ ਕਰਨ ਵਾਲਿਆਂ ਨੂੰ ਨਹੀਂ ਬਖਸ਼ਣਗੇ, ਮਨੀਸ਼ ਸਿਸੋਦੀਆ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਦਿੱਲੀ ਸਰਕਾਰ ਮਨੀਸ਼ ਸਿਸੋਦੀਆ ਨੂੰ ਨੋਟਿਸ ਭੇਜੇਗੀ।