ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਿੱਲੀ ਹਾਈਕੋਰਟ ਨੇ ਬਾਬਾ ਰਾਮਦੇਵ ਦੀ ਪਤੰਜਲੀ ਦੇ ਦਿਵਿਆ ਦੰਤ ਮੰਜਨ ਨੂੰ ਸ਼ਾਕਾਹਾਰੀ ਉਤਪਾਦ ਦੇ ਤੌਰ 'ਤੇ ਪ੍ਰਚਾਰਨ ਦੇ ਖਿਲਾਫ ਦਾਇਰ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਪਤੰਜਲੀ, ਦਿਵਿਆ ਫਾਰਮੇਸੀ, ਬਾਬਾ ਰਾਮਦੇਵ, ਕੇਂਦਰ ਸਰਕਾਰ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਨਵੰਬਰ 'ਚ ਹੋਵੇਗੀ।
ਇਹ ਪਟੀਸ਼ਨ ਵਕੀਲ ਯਤਿਨ ਸ਼ਰਮਾ ਨੇ ਦਾਇਰ ਕੀਤੀ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਸਵਪਨਿਲ ਚੌਧਰੀ ਅਤੇ ਪ੍ਰਸ਼ਾਂਤ ਗੁਪਤਾ ਨੇ ਕਿਹਾ ਕਿ ਦਿਵਿਆ ਟੂਥਪੇਸਟ ਦੇ ਪੈਕੇਟ 'ਤੇ ਹਰੇ ਰੰਗ ਦੀ ਬਿੰਦੀ ਦਿਖਾਈ ਗਈ ਹੈ। ਗ੍ਰੀਨ ਡਾਟ ਦਾ ਮਤਲਬ ਹੈ ਕਿ ਕੋਈ ਉਤਪਾਦ ਸ਼ਾਕਾਹਾਰੀ ਹੈ ਪਰ ਦਿਵਿਆ ਟੂਥਪੇਸਟ ਵਿੱਚ ਮੱਛੀ ਦੇ ਤੱਤ ਵੀ ਹੁੰਦੇ ਹਨ, ਜੋ ਮਾਸਾਹਾਰੀ ਸ਼੍ਰੇਣੀ ਵਿੱਚ ਆਉਂਦੇ ਹਨ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਕਿਸੇ ਵੀ ਦਵਾਈ ਨੂੰ ਸ਼ਾਕਾਹਾਰੀ ਜਾਂ ਮਾਸਾਹਾਰੀ ਸ਼੍ਰੇਣੀਬੱਧ ਕਰਨਾ ਜ਼ਰੂਰੀ ਨਹੀਂ ਹੈ ਪਰ ਮੰਜਨ 'ਤੇ ਗਲਤ ਤਰੀਕੇ ਨਾਲ ਹਰੀ ਬਿੰਦੀ ਪਾ ਦਿੱਤੀ ਗਈ ਹੈ, ਜੋ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਗਲਤ ਬ੍ਰਾਂਡਿੰਗ ਹੈ। ਅੱਗੇ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਅਤੇ ਉਸਦਾ ਪਰਿਵਾਰ ਨਾਖੁਸ਼ ਹੈ ਕਿਉਂਕਿ ਉਹ ਆਪਣੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸਾਂ ਕਾਰਨ ਸਿਰਫ ਸ਼ਾਕਾਹਾਰੀ ਉਤਪਾਦਾਂ ਦਾ ਸੇਵਨ ਕਰਦੇ ਹਨ ਪਰ ਜਦੋਂ ਤੋਂ ਉਸ ਨੂੰ ਪਤਾ ਲੱਗਾ ਹੈ ਕਿ ਦਿਵਿਆ ਟੂਥਪੇਸਟ ਵਿਚ ਸਮੁੰਦਰੀ ਝੱਗ ਦੀ ਵਰਤੋਂ ਕੀਤੀ ਗਈ ਹੈ, ਉਸ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ ਕਿਉਂਕਿ ਸਮੁੰਦਰੀ ਫੋਮ ਮੱਛੀ ਤੋਂ ਕੱਢਿਆ ਜਾਂਦਾ ਹੈ।
ਪਟੀਸ਼ਨ 'ਚ ਉਤਪਾਦ ਨੂੰ ਲਾਇਸੈਂਸ ਦੇਣ ਵਾਲੇ ਅਧਿਕਾਰੀਆਂ 'ਤੇ ਵੀ ਸਵਾਲ ਚੁੱਕੇ ਗਏ ਹਨ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪਤੰਜਲੀ ਆਯੁਰਵੇਦ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਦਿਵਿਆ ਦੰਤ ਮੰਜਨ ਨੂੰ ਸ਼ਾਕਾਹਾਰੀ ਦੱਸਿਆ ਗਿਆ ਹੈ, ਜੋ ਕਿ ਗਲਤ ਹੈ।