ਨਵੀਂ ਦਿੱਲੀ: ਸ਼ਰਾਬ ਘੁਟਾਲੇ 'ਚ ਫਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਦਿੱਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਕੇਜਰੀਵਾਲ ਦਾ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤਾ ਹੈ। ਦਿੱਲੀ ਸ਼ਰਾਬ ਘੁਟਾਲਾ ਮਾਮਲੇ ‘ਚ ਵੀਰਵਾਰ ਨੂੰ ਰਾਉਸ ਐਵੇਨਿਊ ਕੋਰਟ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਹੋਏ।
1ਅਪ੍ਰੈਲ ਤਕ ਵਧਾਇਆ ਰਿਮਾਂਡ: ਸੁਣਵਾਈ ਦੌਰਾਨ ED ਨੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਉਧਰ ਕੇਜਰੀਵਾਲ ਨੇ ਕਿਹਾ ਕਿ ਇਹ ਸਿਆਸੀ ਸਾਜ਼ਿਸ਼ ਹੈ। ਦਰਅਸਲ ਅਦਾਲਤ ਵਿੱਚ ਪੱਤਰਕਾਰਾਂ ਨੇ ਪੁੱਛਿਆ ਕਿ LG ਨੇ ਕਿਹਾ ਹੈ ਕਿ ਸਰਕਾਰ ਜੇਲ੍ਹ ਤੋਂ ਨਹੀਂ ਚੱਲੇਗੀ, ਇਸ ਬਾਰੇ ਤੁਹਾਡੀ ਕੀ ਟਿੱਪਣੀ ਹੈ, ਸਵਾਲ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸਿਆਸੀ ਸਾਜ਼ਿਸ਼ ਹੈ। ਇਸ ਦਾ ਜਵਾਬ ਜਨਤਾ ਦੇਵੇਗੀ। ਦੱਸ ਦੇਈਏ ਕਿ ਇਸ ਸਮੇਂ ਅਰਵਿੰਦ ਕੇਜਰੀਵਾਲ ਈਡੀ ਰਿਮਾਂਡ ‘ਤੇ ਹਨ, ਜੋ ਅੱਜ ਖਤਮ ਹੋ ਰਿਹਾ ਹੈ। ਇਸ ਦੇ ਲਈ ਈਡੀ ਨੇ ਅੱਜ ਉਸ ਨੂੰ ਇੱਕ ਵਾਰ ਫਿਰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਰਾਜੂ ਨੇ ਦੱਸਿਆ ਕਿ ਵਿਜੇ ਨਾਇਰ ਕੇਜਰੀਵਾਲ ਦੇ ਕੋਲ ਇੱਕ ਘਰ ਵਿੱਚ ਰਹਿ ਰਿਹਾ ਸੀ। ਉਹ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਦਿੱਤੇ ਘਰ ਵਿੱਚ ਰਹਿ ਰਿਹਾ ਸੀ। ਉਸ ਨੇ ਦੱਖਣੀ ਗਰੁੱਪ ਅਤੇ ਆਮ ਆਦਮੀ ਪਾਰਟੀ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਈ। ਅਰਵਿੰਦ ਕੇਜਰੀਵਾਲ ਨੇ ਦੱਖਣੀ ਗਰੁੱਪ ਤੋਂ ਰਿਸ਼ਵਤ ਮੰਗੀ ਸੀ। ਬਿਆਨਾਂ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ। ਕੇਜਰੀਵਾਲ ਨੇ ਕੇ ਕਵਿਤਾ ਨਾਲ ਮੁਲਾਕਾਤ ਕੀਤੀ ਸੀ।
ਕੇਜਰੀਵਾਲ ਤੋਂ ਹੋਰ ਮੁਲਜ਼ਮਾਂ ਦੇ ਸਾਹਮਣੇ ਪੁੱਛਗਿੱਛ: ਰਾਜੂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਦਿਮਾਗ ਹੈ ਅਤੇ ਉਹ ਇਸ ਦੀਆਂ ਵੱਡੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਦਾ ਹੈ। ਉਹ ਰਾਸ਼ਟਰੀ ਕੋਆਰਡੀਨੇਟਰ ਹੈ। ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਗੋਆ ਚੋਣਾਂ ਲਈ ਫੰਡ ਦੇਣ ਲਈ ਆਬਕਾਰੀ ਨੀਤੀ ਬਦਲੀ ਗਈ ਸੀ। ਰਾਜੂ ਨੇ ਕਿਹਾ ਸੀ ਕਿ ਪੈਸਿਆਂ ਦੇ ਲੈਣ-ਦੇਣ ਦੀ ਪੂਰੀ ਜਾਂਚ ਲਈ ਅਰਵਿੰਦ ਕੇਜਰੀਵਾਲ ਤੋਂ ਹੋਰ ਮੁਲਜ਼ਮਾਂ ਦੇ ਸਾਹਮਣੇ ਪੁੱਛਗਿੱਛ ਕੀਤੀ ਜਾਣੀ ਹੈ।
ਧਾਰਾ 19 ਦੀ ਉਲੰਘਣਾ: ਉਨ੍ਹਾਂ ਕਿਹਾ ਸੀ ਕਿ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਇਲੈਕਟ੍ਰਾਨਿਕ ਸਬੂਤ ਨਸ਼ਟ ਕਰ ਦਿੱਤੇ ਗਏ ਹਨ। ਬਹੁਤ ਸਾਰੇ ਫ਼ੋਨ ਨਸ਼ਟ ਕੀਤੇ ਗਏ ਸਨ ਜਾਂ ਜਾਂਚ ਵਿੱਚ ਰੁਕਾਵਟ ਪਾਉਣ ਲਈ ਫਾਰਮੈਟ ਕੀਤੇ ਗਏ ਸਨ। ਇਸ ਦੇ ਬਾਵਜੂਦ ਜਾਂਚ ਏਜੰਸੀ ਨੇ ਹੈਰਾਨੀਜਨਕ ਕੰਮ ਕੀਤਾ ਹੈ। ਰਾਜੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਮਨ ਤੋਂ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਗਿਆ। ਕਿਸ ਨੂੰ ਕਦੋਂ ਗ੍ਰਿਫਤਾਰ ਕਰਨਾ ਜਾਂਚ ਅਧਿਕਾਰੀ ਦੇ ਦਾਇਰੇ ਵਿੱਚ ਆਉਂਦਾ ਹੈ। ਇਹ ਕਹਿਣ ਲਈ ਕੁਝ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਮਨੀ ਲਾਂਡਰਿੰਗ ਐਕਟ ਦੀ ਧਾਰਾ 19 ਦੀ ਉਲੰਘਣਾ ਕੀਤੀ ਹੈ।
ਜਾਂਚ 'ਚ ਸਹਿਯੋਗ ਦੇਵਾਂਗੇ: ਸੁਣਵਾਈ ਦੌਰਾਨ ਐਡਵੋਕੇਟ ਰਮੇਸ਼ ਗੁਪਤਾ ਨੇ ਕੇਜਰੀਵਾਲ ਦੀ ਤਰਫੋਂ ਤਿੱਖੀ ਬਹਿਸ ਕੀਤੀ ਅਤੇ ਰਿਮਾਂਡ ਲਈ ਈਡੀ ਦੇ ਸਾਰੇ ਆਧਾਰਾਂ ਨੂੰ ਗਲਤ ਕਰਾਰ ਦਿੱਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਮੁਲਾਕਾਤ ਲਈ ਅਦਾਲਤ ਵਿਚ ਬੁਲਾਇਆ ਗਿਆ। ਇਸ ਤੋਂ ਬਾਅਦ ਮੰਤਰੀ ਰਾਜਕੁਮਾਰ ਆਨੰਦ, ਬੁਲਾਰੇ ਰੀਨਾ ਗੁਪਤਾ ਆਤਿਸ਼ੀ, ਗੋਪਾਲ ਰਾਏ ਅਤੇ ਸੌਰਭ ਭਾਰਦਵਾਜ ਵੀ ਕੇਜਰੀਵਾਲ ਨੂੰ ਮਿਲਣ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਕਟਹਿਰੇ ਤੋਂ ਹੀ ਪਾਰਟੀ ਦੇ ਹੋਰ ਵਿਧਾਇਕਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਕੋਰਟ ਰੂਮ ਤੋਂ ਬਾਹਰ ਨਿਕਲਦੇ ਹੋਏ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਸੀਐਮ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਸ਼ੂਗਰ ਲੈਵਲ ਡਾਊਨ ਹੈ।
ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦਾ ਜਵਾਬ ਜਨਤਾ ਦੇਵੇਗੀ। ਰਮੇਸ਼ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਅਦਾਲਤ ਵਿੱਚ ਮੰਨਿਆ ਕਿ ਉਹ ਹਿਰਾਸਤ ਵਿੱਚ ਰਹਿਣ ਲਈ ਤਿਆਰ ਹਨ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਸੁਣਵਾਈ ਦੌਰਾਨ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਆਪਣੇ ਬੇਟੇ ਅਤੇ ਬੇਟੀ ਦੇ ਨਾਲ ਕੋਰਟ ਰੂਮ 'ਚ ਮੌਜੂਦ ਸੀ।
ਦੀਪਕ ਸਿੰਘਲਾ ਤੋਂ ਹੋ ਸਕਦੀ ਹੈ ਪੁੱਛਗਿੱਛ: ਜਾਣਕਾਰੀ ਮੁਤਾਬਕ ਈਡੀ ਦੀਆਂ ਟੀਮਾਂ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਗੋਆ ਇੰਚਾਰਜ ਦੀਪਕ ਸਿੰਘਲਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀਆਂ ਹਨ। ਇਸ ਤੋਂ ਪਹਿਲਾਂ ਸੁਨੀਤਾ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ 28 ਮਾਰਚ ਨੂੰ ਅਰਵਿੰਦ ਕੇਜਰੀਵਾਲ ਅਦਾਲਤ 'ਚ ਕਈ ਅਹਿਮ ਸਬੂਤ ਪੇਸ਼ ਕਰ ਸਕਦੇ ਹਨ ਅਤੇ ਉਹ ਦੇਸ਼ ਨੂੰ ਇਸ ਦੀ ਹਰ ਸੱਚਾਈ ਦੱਸਣਗੇ। ਨਾਲ ਹੀ ਇਹ ਵੀ ਖੁਲਾਸਾ ਕਰਨ ਦੀ ਗੱਲ ਕੀਤੀ ਗਈ ਸੀ ਕਿ ਕੇਸ ਨਾਲ ਸਬੰਧਤ ਪੈਸਾ ਕਿਸ ਕੋਲ ਗਿਆ।