ਉੱਤਰ ਪ੍ਰਦੇਸ਼/ਅਮੇਠੀ:ਸ਼ਿਵਰਤਨ ਗੰਜ ਇਲਾਕੇ 'ਚ ਇਕ ਅਧਿਆਪਕ, ਉਸ ਦੀ ਪਤਨੀ ਅਤੇ ਦੋ ਬੱਚਿਆਂ ਦੇ ਕਤਲ ਮਾਮਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਪ੍ਰੇਮ ਸਬੰਧਾਂ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਧਿਆਪਕ ਦੀ ਪਤਨੀ ਦਾ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਦੋਵਾਂ ਦੀਆਂ ਕੁਝ ਤਸਵੀਰਾਂ ਅਤੇ ਗੱਲਬਾਤ ਵੀ ਸਾਹਮਣੇ ਆਈਆਂ ਹਨ। ਮੁਲਜ਼ਮ ਚੰਦਨ ਦੇ ਵਟਸਐਪ ਸਟੇਟਸ ਦਾ ਸਕਰੀਨ ਸ਼ਾਟ ਵੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਸਨੇ ਲਿਖਿਆ ਸੀ ਕਿ ਅੱਜ 5 ਲੋਕਾਂ ਦੀ ਮੌਤ ਹੋ ਜਾਵੇਗੀ। ਫਿਲਹਾਲ ਪੁਲਿਸ ਨੇ ਚੰਦਨ ਵਰਮਾ ਨੂੰ ਚੁੱਕ ਲਿਆ ਹੈ। ਉਸ ਕੋਲੋਂ ਕਿਸੇ ਅਣਪਛਾਤੀ ਥਾਂ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਪੁਲਿਸ ਘਟਨਾ ਦਾ ਖੁਲਾਸਾ ਕਰ ਸਕਦੀ ਹੈ।
ਰਾਏਬਰੇਲੀ ਦਾ ਰਹਿਣ ਵਾਲਾ ਦਲਿਤ ਅਧਿਆਪਕ ਸੁਨੀਲ ਕੁਮਾਰ ਆਪਣੀ ਪਤਨੀ ਪੂਨਮ ਅਤੇ ਦੋ ਬੇਟੀਆਂ ਦ੍ਰਿਸ਼ਟੀ (5) ਅਤੇ ਲਾਡੋ (1.5) ਨਾਲ ਅਮੇਠੀ ਦੇ ਸ਼ਿਵਰਤਨ ਗੰਜ ਇਲਾਕੇ 'ਚ ਰਹਿੰਦਾ ਸੀ। ਵੀਰਵਾਰ ਸ਼ਾਮ ਨੂੰ ਗੋਲੀਆਂ ਚਲਾ ਕੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ। ਅਯੁੱਧਿਆ ਦੇ ਡਿਵੀਜ਼ਨਲ ਕਮਿਸ਼ਨਰ ਤੋਂ ਇਲਾਵਾ ਅਮੇਠੀ ਦੇ ਆਈਜੀ, ਡੀਐਮ-ਐਸਪੀ ਮੌਕੇ 'ਤੇ ਪੁੱਜੇ ਅਤੇ ਜਾਇਜ਼ਾ ਲਿਆ।
ਅਧਿਆਪਕ ਦੀ ਪਤਨੀ ਨਾਲ ਚੱਲ ਰਹੇ ਸੀ ਪ੍ਰੇਮ ਸਬੰਧ
ਘਟਨਾ ਦਾ ਪਰਦਾਫਾਸ਼ ਕਰਨ ਲਈ ਯੂਪੀ ਐਸਟੀਐਫ ਦੀਆਂ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੋਸਟਮਾਰਟਮ ਤੋਂ ਬਾਅਦ ਸਾਰੀਆਂ ਲਾਸ਼ਾਂ ਰਾਏਬਰੇਲੀ ਪਹੁੰਚ ਗਈਆਂ ਹਨ। ਇਸ ਦੌਰਾਨ ਟੀਮ ਨੇ ਚੰਦਨ ਵਰਮਾ ਨੂੰ ਚੁੱਕ ਲਿਆ। ਸੂਤਰਾਂ ਮੁਤਾਬਿਕ ਚੰਦਨ ਅਤੇ ਅਧਿਆਪਕ ਦੀ ਪਤਨੀ ਪੂਨਮ ਦਾ ਅਫੇਅਰ ਚੱਲ ਰਿਹਾ ਸੀ। ਚੰਦਨ ਅਤੇ ਪੂਨਮ ਦੀਆਂ ਕਈ ਤਸਵੀਰਾਂ ਅਤੇ ਚੈਟ ਵੀ ਸਾਹਮਣੇ ਆ ਚੁੱਕੇ ਹਨ। ਇਹ ਪ੍ਰੇਮ ਸਬੰਧ ਵਿਆਹ ਤੋਂ ਪਹਿਲਾਂ ਵੀ ਚੱਲ ਰਹੇ ਸਨ। ਚੰਦਨ ਨੇ ਵਟਸਐਪ 'ਤੇ ਇੱਕ ਸਟੇਟਸ ਪੋਸਟ ਕੀਤਾ ਸੀ ਕਿ ਅੱਜ 5 ਲੋਕਾਂ ਦੀ ਮੌਤ ਹੋ ਜਾਵੇਗੀ। ਸ਼ੱਕ ਹੈ ਕਿ ਆਪਣੀ ਪ੍ਰੇਮਿਕਾ ਦੇ ਪੂਰੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਦਾ ਵੀ ਇਰਾਦਾ ਰੱਖਿਆ ਸੀ।
ਬੁਲੇਟ 'ਤੇ ਆਇਆ ਕਾਤਲ ਪ੍ਰੇਮੀ
ਇਹ ਵੀ ਖੁਲਾਸਾ ਹੋਇਆ ਹੈ ਕਿ ਚੰਦਨ ਵੀਰਵਾਰ ਸ਼ਾਮ ਆਪਣੇ ਬੁਲੇਟ 'ਤੇ ਇ ਕੱਲਾ ਅਧਿਆਪਕ ਸੁਨੀਲ ਕੁਮਾਰ ਦੇ ਘਰ ਪਹੁੰਚਿਆ ਸੀ। ਇਸ ਤੋਂ ਬਾਅਦ ਦਰਵਾਜ਼ਾ ਖੜਕਾਇਆ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਉਸ ਨੇ ਆਪਣੇ 32 ਬੋਰ ਦੇ ਨਾਜਾਇਜ਼ ਪਿਸਤੌਲ ਨਾਲ ਇਕ-ਇਕ ਕਰਕੇ ਸਾਰਿਆਂ ਨੂੰ ਮਾਰ ਦਿੱਤਾ। ਬੱਚਿਆਂ ਕੋਲੋਂ ਕੁਝ ਨੋਟ ਮਿਲੇ ਹਨ। ਚੰਦਨ ਨੇ ਹੀ ਉਨ੍ਹਾਂ ਨੂੰ ਦਿੱਤਾ ਸੀ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਜਲਦ ਹੀ ਇਸ ਘਟਨਾ ਦਾ ਖੁਲਾਸਾ ਕਰ ਸਕਦੀ ਹੈ।