ਛੱਤੀਸਗੜ੍ਹ/ਦੁਰਗ: ਪਤੀ-ਪਤਨੀ ਨੇ ਦੁਰਗ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਕ ਚੋਰ ਨੇ ਉਨ੍ਹਾਂ ਦੇ ਗੂੜ੍ਹੇ ਪਲਾਂ ਦੀ ਵੀਡੀਓ ਬਣਾ ਲਈ ਹੈ, ਜਿਸ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ। ਵੀਡੀਓ ਬਣਾਉਣ ਤੋਂ ਬਾਅਦ ਚੋਰ ਨੇ ਵੀਡੀਓ ਕਲਿੱਪ ਉਨ੍ਹਾਂ ਦੇ ਵਟਸਐਪ ਨੰਬਰ 'ਤੇ ਭੇਜ ਕੇ 10 ਲੱਖ ਰੁਪਏ ਦੀ ਮੰਗ ਕੀਤੀ। ਚੋਰ ਨੇ ਪਤੀ ਪਤਨੀ ਨੂੰ ਭੇਜੇ ਸੰਦੇਸ਼ ਵਿੱਚ ਲਿਖਿਆ ਕਿ ਜੇਕਰ ਉਹ ਉਸ ਨੂੰ ਦਸ ਲੱਖ ਰੁਪਏ ਨਹੀਂ ਦੇਣਗੇ ਤਾਂ ਉਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਵਾਇਰਲ ਕਰ ਦੇਵੇਗਾ। ਚੋਰ ਦੀ ਇਸ ਧਮਕੀ ਤੋਂ ਪਤੀ-ਪਤਨੀ ਡਰ ਗਏ। ਬਾਅਦ 'ਚ ਦੋਵਾਂ ਨੇ ਫੈਸਲਾ ਕੀਤਾ ਕਿ ਡਰਨ ਦੀ ਬਜਾਏ ਪੁਲਿਸ ਕੋਲ ਜਾ ਕੇ ਰਿਪੋਰਟ ਦਰਜ ਕਰਵਾਉਣਾ ਬਿਹਤਰ ਹੈ। ਪਤੀ-ਪਤਨੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਕਰ ਲਿਆ।
ਪਤੀ ਪਤਨੀ ਦੀ ਵੀਡੀਓ ਬਣਾਉਣ ਵਾਲਾ ਕਾਬੂ: ਐਫਆਈਆਰ ਦਰਜ ਹੁੰਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਮੋਬਾਈਲ ਫੋਨ ਦੇ ਸਿਗਨਲ ਰਾਹੀਂ ਚੋਰ ਦਾ ਪਤਾ ਲਗਾ ਕੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਾਬੂ ਕੀਤੇ ਚੋਰ ਕੋਲੋਂ ਤਿੰਨ ਮੋਬਾਈਲ ਫ਼ੋਨ ਅਤੇ ਤਿੰਨ ਸਿਮ ਕਾਰਡ ਬਰਾਮਦ ਕੀਤੇ ਹਨ। ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ 28 ਸਾਲਾ ਵਿਆਕਤੀ ਚੋਰ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰਦਾ ਸੀ। ਪਹਿਲਾਂ ਵੀ ਉਹ ਕਈ ਵਾਰ ਇਮਤਿਹਾਨ ਲਈ ਬੈਠਾ ਸੀ ਪਰ ਹਰ ਵਾਰ ਉਹ ਫੇਲ੍ਹ ਹੋ ਗਿਆ। ਇਮਤਿਹਾਨ 'ਚ ਫੇਲ੍ਹ ਹੋਣ ਤੋਂ ਬਾਅਦ ਉਹ ਚੋਰੀ ਦੇ ਧੰਦੇ 'ਚ ਪੈ ਗਿਆ।