ਨਵੀਂ ਦਿੱਲੀ:ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਮੁਤਾਬਕ ਮੌਜੂਦਾ ਸਮੇਂ 'ਚ ਦੋ ਸੰਸਦ ਮੈਂਬਰਾਂ ਅਤੇ 14 ਵਿਧਾਇਕਾਂ 'ਤੇ ਬਲਾਤਕਾਰ ਦਾ ਇਲਜ਼ਾਮ ਹੈ। ਇਹ ਆਗੂ ਵੱਖ-ਵੱਖ ਪਾਰਟੀਆਂ ਦੇ ਹਨ। ਹਾਲਾਂਕਿ ਸਭ ਤੋਂ ਵੱਧ ਲੋਕ ਨੁਮਾਇੰਦੇ ਭਾਜਪਾ ਅਤੇ ਕਾਂਗਰਸ ਦੇ ਹਨ। ਪੰਜ-ਪੰਜ ਨੇਤਾ ਇਨ੍ਹਾਂ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਜਨਤਕ ਨੁਮਾਇੰਦਿਆਂ ਖ਼ਿਲਾਫ਼ ਬਲਾਤਕਾਰ ਦੇ ਗੰਭੀਰ ਮਾਮਲੇ: ਏਡੀਆਰ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ 4809 ਚੋਣ ਹਲਫ਼ਨਾਮਿਆਂ ਵਿੱਚੋਂ 4693 (ਸੰਸਦ ਅਤੇ ਵਿਧਾਇਕਾਂ ਸਮੇਤ) ਦਾ ਵਿਸ਼ਲੇਸ਼ਣ ਕੀਤਾ ਹੈ। ਪਿਛਲੇ ਪੰਜ ਸਾਲਾਂ ਵਿੱਚ ਇਸ ਰਿਪੋਰਟ ਵਿੱਚ 776 ਸੰਸਦ ਮੈਂਬਰਾਂ ਵਿੱਚੋਂ 755 ਅਤੇ 4033 ਵਿੱਚੋਂ 3938 ਵਿਧਾਇਕਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜ਼ਿਮਨੀ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਇਸ ਵੇਲੇ 151 ਲੋਕ ਨੁਮਾਇੰਦੇ ਔਰਤਾਂ ਵਿਰੁੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ, ਜੋ ਜਾਂ ਤਾਂ ਸੰਸਦ ਮੈਂਬਰ ਹਨ ਜਾਂ ਕਿਸੇ ਨਾ ਕਿਸੇ ਵਿਧਾਨ ਸਭਾ ਦੇ ਮੈਂਬਰ ਹਨ। ਇਨ੍ਹਾਂ ਵਿੱਚੋਂ 16 ਜਨਤਕ ਨੁਮਾਇੰਦਿਆਂ ਖ਼ਿਲਾਫ਼ ਬਲਾਤਕਾਰ ਦੇ ਗੰਭੀਰ ਮਾਮਲੇ ਦਰਜ ਹਨ।