ਦਿੱਲੀ 'ਚ ਵੱਡਾ ਹਾਦਸਾ, ਤਿੰਨ ਮੌਤਾਂ (ETV BHARAT) ਨਵੀਂ ਦਿੱਲੀ:ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਇਲਾਕੇ ਵਿੱਚ ਸਤਪਾਲ ਭਾਟੀਆ ਮਾਰਗ, ਵੱਡਾ ਬਾਜ਼ਾਰ ਮਾਰਗ ’ਤੇ ਸਥਿਤ ਇੱਕ ਬੇਸਮੈਂਟ ਵਿੱਚ ਬਰਸਾਤ/ਨਾਲੀਆਂ ਦਾ ਪਾਣੀ ਭਰਨ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 'ਰਾਊਜ਼ ਆਈਏਐਸ ਸਟੱਡੀ ਸੈਂਟਰ' ਦੇ ਬੇਸਮੈਂਟ 'ਚ ਨਾਲੇ ਦਾ ਪਾਣੀ ਵੜ ਗਿਆ, ਜਿਸ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ।
ਤਿੰਨ ਵਿਦਿਆਰਥੀਆਂ ਦੀ ਮੌਤ
- ਤਾਨਿਆ ਸੋਨੀ, ਤੇਲੰਗਾਨਾ
- ਸ਼੍ਰੇਆ ਯਾਦਵ, ਅੰਬੇਡਕਰਨਗਰ (ਯੂ.ਪੀ.)
- ਨਵੀਨ, ਏਰਨਾਕੁਲਮ (ਕੇਰਲ)
ਮੌਕੇ 'ਤੇ ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਪ੍ਰਸ਼ਾਸਨ, ਐਂਬੂਲੈਂਸ ਅਤੇ ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ਜਾਰੀ ਹਨ। ਦੂਜੇ ਪਾਸੇ ਦਿੱਲੀ ਪੁਲਿਸ ਦੇ ਕੇਂਦਰੀ ਜ਼ਿਲ੍ਹੇ ਦੇ ਡੀਸੀਪੀ ਐੱਮ ਹਰਸ਼ਵਰਧਨ ਦਾ ਕਹਿਣਾ ਹੈ ਕਿ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ 'ਚ NDRF ਦੇ ਗੋਤਾਖੋਰ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਘਟਨਾ ਸਥਾਨ ਦਾ ਦੌਰਾ ਕੀਤਾ।
ਇਸ ਘਟਨਾ 'ਤੇ ਮੰਤਰੀ ਆਤਿਸ਼ੀ ਨੇ ਐਕਸ 'ਤੇ ਲਿਖਿਆ, ਸ਼ਾਮ ਨੂੰ ਦਿੱਲੀ 'ਚ ਭਾਰੀ ਮੀਂਹ ਕਾਰਨ ਹਾਦਸੇ ਦੀ ਖਬਰ ਹੈ। ਰਾਜਿੰਦਰ ਨਗਰ ਵਿੱਚ ਇੱਕ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ ਵਿੱਚ ਪਾਣੀ ਭਰਨ ਦਾ ਸਮਾਚਾਰ ਹੈ। ਦਿੱਲੀ ਫਾਇਰ ਡਿਪਾਰਟਮੈਂਟ ਅਤੇ NDRF ਮੌਕੇ 'ਤੇ ਮੌਜੂਦ ਹਨ। ਦਿੱਲੀ ਦੇ ਮੇਅਰ ਅਤੇ ਸਥਾਨਕ ਵਿਧਾਇਕ ਵੀ ਮੌਜੂਦ ਹਨ। ਮੈਂ ਹਰ ਮਿੰਟ ਘਟਨਾ ਦੀ ਖ਼ਬਰ ਲੈ ਰਹੀ ਹਾਂ। ਇਹ ਘਟਨਾ ਕਿਵੇਂ ਵਾਪਰੀ ਇਸ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਮੇਅਰ ਨੇ ਦੱਸਿਆ ਕਿ ਬੇਸਮੈਂਟ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਸੀ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਸ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਜਾਂ ਵਿਭਾਗ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੈਜਿਸਟ੍ਰੇਟ ਜਾਂਚ ਦੇ ਆਦੇਸ਼:ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ ਵਿੱਚ ਪਾਣੀ ਭਰਨ ਅਤੇ ਵਿਦਿਆਰਥੀਆਂ ਦੇ ਫਸ ਜਾਣ ਦੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਖਦਸ਼ਾ ਪ੍ਰਗਟਾਇਆ ਕਿ ਆਲੇ-ਦੁਆਲੇ ਦਾ ਡਰੇਨ ਜਾਂ ਸੀਵਰ ਫਟਣ ਕਾਰਨ ਪਾਣੀ ਭਰ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਜਵਾਬ ਦੇਵੇ ਕਿ ਉਹ 15 ਸਾਲ ਉਨ੍ਹਾਂ ਦੇ ਕੌਂਸਲਰ ਰਹੇ, ਉਨ੍ਹਾਂ ਨੇ ਕੀ ਕੀਤਾ? ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ, ਆਤਿਸ਼ੀ ਅਤੇ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ। ਦਿੱਲੀ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ। ਡਰੇਨ ਦੀ ਸਫ਼ਾਈ ਕਿਉਂ ਨਹੀਂ ਹੋਈ?
ਬੇਸਮੈਂਟ 'ਚੋਂ ਨਹੀਂ ਨਿਕਲ ਰਿਹਾ ਸੀ ਪਾਣੀ : ਫਾਇਰ ਅਫਸਰ ਅਤੁਲ ਗਰਗ ਨੇ ਦੱਸਿਆ ਕਿ ਸਾਨੂੰ ਸ਼ਾਮ 7 ਵਜੇ ਕੋਚਿੰਗ ਬੇਸਮੈਂਟ 'ਚ ਪਾਣੀ ਭਰਨ ਦੀ ਸੂਚਨਾ ਮਿਲੀ ਸੀ। ਇਸ 'ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਭੇਜੀਆਂ ਗਈਆਂ। ਪਹਿਲਾਂ ਤਾਂ ਸੜਕ ’ਤੇ ਪਾਣੀ ਭਰਨ ਕਾਰਨ ਬੇਸਮੈਂਟ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਪਾਣੀ ਨਿਕਲਣ ਲੱਗਾ ਤਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣ ਲੱਗੀਆਂ।
ਸਵਾਤੀ ਮਾਲੀਵਾਲ ਨੇ ਟਵੀਟ ਕੀਤਾ: ਇਸ ਘਟਨਾ ਨੂੰ ਲੈ ਕੇ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰ ਨਗਰ ਇਲਾਕੇ ਵਿੱਚ ਇੱਕ ਯੂਪੀਐਸਸੀ ਵਿਦਿਆਰਥੀ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਡੁੱਬਣ ਨਾਲ ਮੌਤ ਹੋ ਗਈ। ਇਹ ਘਟਨਾ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ। ਇੰਨ੍ਹਾਂ ਬੱਚਿਆਂ ਦੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕੁਝ ਦਿਨ ਪਹਿਲਾਂ ਹੀ ਪਟੇਲ ਨਗਰ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ ਘਟਨਾ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਲਾਪਰਵਾਹੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਮਾਮਲੇ 'ਤੇ ਦਿੱਲੀ ਭਾਜਪਾ ਆਗੂ ਅਤੇ ਸਾਬਕਾ ਖੇਤਰੀ ਨਿਗਮ ਕੌਂਸਲਰ ਰਾਜੇਸ਼ ਭਾਟੀਆ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਇਸ 'ਚ ਆਮ ਆਦਮੀ ਪਾਰਟੀ ਦੇ ਖੇਤਰੀ ਵਿਧਾਇਕ ਦੁਰਗੇਸ਼ ਪਾਠਕ 'ਤੇ ਗੰਭੀਰ ਦੋਸ਼ ਲਾਏ ਗਏ ਹਨ। ਰਾਜੇਸ਼ ਭਾਟੀਆ ਨੇ ਕਿਹਾ ਹੈ ਕਿ ਉਹ ਲਗਾਤਾਰ ਹਲਕਾ ਵਿਧਾਇਕ ਦੁਰਗੇਸ਼ ਪਾਠਕ ਦੇ ਧਿਆਨ ਵਿੱਚ ਲਿਆ ਰਹੇ ਹਨ ਕਿ ਇਸ ਸੜਕ ’ਤੇ ਪਾਣੀ ਭਰਨ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਭਵਿੱਖ ਵਿੱਚ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।
3 ਵਿਦਿਆਰਥੀਆਂ ਦੀ ਮੌਤ: ਭਾਜਪਾ ਆਗੂ ਅਤੇ ਸਾਬਕਾ ਨਿਗਮ ਕੌਂਸਲਰ ਰਾਜੇਸ਼ ਭਾਟੀਆ ਨੇ ਇਲਜ਼ਾਮ ਲਗਾਉਂਦੇ ਹੋਏ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਬੇਸਮੈਂਟ ਵਿੱਚ ਡੁੱਬਣ ਨਾਲ ਤਿੰਨ-ਚਾਰ ਬੱਚਿਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਅਜੇ ਤੱਕ ਨਾ ਤਾਂ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਫਾਇਰ ਬ੍ਰਿਗੇਡ ਅਤੇ ਨਾ ਹੀ ਐਨ.ਡੀ.ਆਰ.ਐਫ ਆਦਿ ਵੱਲੋਂ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਸੂਚਨਾ ਨਹੀਂ ਆਈ ਹੈ। ਸਾਰੀਆਂ ਏਜੰਸੀਆਂ ਬੇਸਮੈਂਟ ਵਿੱਚ ਭਰੇ ਪਾਣੀ ਨੂੰ ਹਟਾਉਣ ਅਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।