ਹੈਲਥ ਵਰਕਰਾਂ ਨੇ ਭੁੱਖ ਹੜਤਾਲ ਕੀਤੀ ਸ਼ੁਰੂ, ਮੰਗਾਂ ਨਾ ਮੰਨਣ 'ਤੇ ਮੋਤੀ ਮਹਿਲ ਘੇਰਨ ਦਿੱਤੀ ਚੇਤਾਵਨੀ
ਸ੍ਰੀ ਫ਼ਤਹਿਗੜ੍ਹ ਸਾਹਿਬ: ਸਿਵਲ ਹਸਪਤਾਲ ਵਿੱਚ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ (ਪੰਜਾਬ) ਦੇ ਫ਼ੈਸਲੇ ਅਨੁਸਾਰ, ਹੈਲਥ ਵਰਕਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ, ਇਹ ਭੁੱਖ ਹੜਤਾਲ ਲਗਾਤਾਰ 6 ਅਗਸਤ ਤੱਕ ਜਾਰੀ ਰਹੇਗੀ। ਭੁੱਖ ਹੜਤਾਲ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੋਵੇਗਾ। ਜਿਸ ਵਿੱਚ ਹਰ ਰੋਜ਼ ਪੰਜ ਕਰਮਚਾਰੀ ਭੁੱਖ ਹੜਤਾਲ 'ਤੇ ਬੈਠਣਗੇ। ਇਸ ਮੌਕੇ ਗੱਲਬਾਤ ਕਰਦੇ ਹੋਏ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਰਕੇ ਉਨ੍ਹਾਂ ਵੱਲੋਂ ਪੰਜਾਬ ਭਰ ਦੇ ਵਿੱਚ ਅੱਜ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੇ ਵਿੱਚ ਪੰਜਾਬ ਭਰ ਦੇ ਹੈਲਥ ਵਰਕਰ ਸ਼ਾਮਲ ਹੋਣਗੇ।