ਲੁਧਿਆਣਾ ਬਲਾਸਟ ਨੂੰ ਲੈ ਕੇ ਅਕਾਲੀ ਦਲ ਦੇ ਕਾਂਗਰਸ ਸਰਕਾਰ 'ਤੇ ਤਿੱਖੇ ਵਾਰ
🎬 Watch Now: Feature Video
ਜਲੰਧਰ: ਲੁਧਿਆਣਾ ਵਿੱਚ ਹੋਏ ਬਲਾਸਟ (Ludhiana Blast) ਤੋਂ ਬਾਅਦ ਇੱਕ ਪਾਸੇ ਲੁਧਿਆਣਾ ਪੁਲਿਸ ਅਤੇ ਸਰਕਾਰ ਦਾ ਧਿਆਨ ਇਸ ਗੁੱਥੀ ਨੂੰ ਸੁਲਝਾਉਣ ਵਿੱਚ ਲੱਗਿਆ ਹੋਇਆ ਹੈ। ਦੂਸਰੇ ਪਾਸੇ ਵਿਰੋਧੀਆਂ ਦਾ ਬਲਾਸਟ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਹਮਲਾ ਤੇਜ਼ ਹੋ ਰਿਹਾ ਹੈ। ਜਲੰਧਰ ਵਿੱਚ ਅਕਾਲੀ ਦਲ ਦੇ ਪ੍ਰਵਕਤਾ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਵਰਗੇ ਕੋਈ ਵੀ ਹਾਲਾਤ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਕਤਲ ਅਤੇ ਬੈਂਕ ਲੁੱਟ ਵਰਗੀਆਂ ਵਾਰਦਾਤਾਂ ਹੁੰਦੀਆਂ ਹਨ ਪਰ ਹੁਣ ਬੇਅਦਬੀ ਅਤੇ ਧਮਾਕੇ ਵਰਗੀਆਂ ਘਟਨਾਵਾਂ ਨੇ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਅਤੇ ਸਰਕਾਰੀ ਅਮਲੇ ਦਾ ਪੂਰਾ ਧਿਆਨ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਲੱਗਿਆ ਹੋਇਆ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਪੰਜਾਬ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਸੰਜੀਦਗੀ ਨਾਲ ਦੇਖਣਾ ਚਾਹੀਦਾ ਹੈ ਨਾ ਕਿ ਚੋਣਾਂ ਦੇ ਨੇੜੇ ਆਉਣ 'ਤੇ ਆਪਣਾ ਧਿਆਨ ਸਿਰਫ਼ ਬਾਕੀ ਪਾਰਟੀ ਅਤੇ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਵਿਚ ਲਗਾਉਣਾ ਚਾਹੀਦਾ ਹੈ।