ਹੈਦਰਾਬਾਦ: ਮਕਰ ਸੰਕ੍ਰਾਂਤੀ ਨੂੰ ਹਿੰਦੂ ਧਰਮ ਵਿੱਚ ਸਾਲ ਦਾ ਪਹਿਲਾ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਓਹਾਰ ਸਰਦੀਆਂ ਦੇ ਮੌਸਮ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਤਿਲ ਅਤੇ ਗੁੜ ਤੋਂ ਬਣੇ ਲੱਡੂ, ਗੱਚਕ, ਪਕਵਾਨ ਬਣਾਉਣ, ਖਾਣ ਅਤੇ ਦਾਨ ਕਰਨ ਦੀ ਪਰੰਪਰਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਿਲ ਅਤੇ ਗੁੜ ਤੋਂ ਬਣੇ ਪਕਵਾਨਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲ ਸਕਦੇ ਹਨ। ਮਾਹਿਰਾਂ ਅਤੇ ਡਾਕਟਰਾਂ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਰੋਜ਼ਾਨਾ ਤਿਲ ਅਤੇ ਗੁੜ ਦਾ ਸੇਵਨ ਕਰਨ ਨਾਲ ਸਿਹਤ ਨੂੰ ਲਾਭ ਮਿਲ ਸਕਦਾ ਹੈ।
ਮਕਰ ਸੰਕ੍ਰਾਂਤੀ ਦਾ ਤਿਉਹਾਰ ਦੇਸ਼ ਦੇ ਲਗਭਗ ਸਾਰੇ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਖਾਸ ਗੱਲ ਇਹ ਹੈ ਕਿ ਭਾਵੇਂ ਇਸ ਨੂੰ ਕਈ ਥਾਵਾਂ 'ਤੇ ਤਿਲ ਸੰਕ੍ਰਾਂਤੀ, ਪੋਂਗਲ, ਉੱਤਰਾਇਣ ਅਤੇ ਕੁਝ ਥਾਵਾਂ 'ਤੇ ਖਿਚੜੀ ਸਮੇਤ ਕਈ ਨਾਵਾਂ ਨਾਲ ਮਨਾਇਆ ਜਾਂਦਾ ਹੈ, ਪਰ ਇਹ ਤਿਓਹਾਰ ਲਗਭਗ ਸਾਰੀਆਂ ਥਾਵਾਂ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਤਿਲ, ਗੁੜ, ਚੌਲਾਂ ਤੋਂ ਬਣੇ ਪਕਵਾਨ ਅਤੇ ਮਿਠਾਈਆਂ ਦਾ ਸੇਵਨ ਕੀਤਾ ਜਾਂਦਾ ਹੈ। ਹਾਲਾਂਕਿ, ਇਸ ਤਿਉਹਾਰ 'ਤੇ ਤਿਲ, ਗੁੜ ਅਤੇ ਚੌਲਾਂ ਦੀ ਵਰਤੋਂ ਨੂੰ ਧਾਰਮਿਕ ਪਰੰਪਰਾ ਦਾ ਹਿੱਸਾ ਮੰਨਿਆ ਜਾਂਦਾ ਹੈ। ਪਰ ਮਾਹਿਰਾਂ ਅਨੁਸਾਰ, ਇਹ ਪਰੰਪਰਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਯੁਰਵੈਦਿਕ ਡਾਕਟਰਾਂ ਅਤੇ ਆਹਾਰ ਵਿਗਿਆਨੀਆਂ ਦੇ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਤਿਲ ਅਤੇ ਗੁੜ ਦਾ ਸੇਵਨ ਕਰਨ ਨਾਲ ਨਾ ਸਿਰਫ ਚੰਗੀ ਸਿਹਤ ਬਣਾਈ ਰੱਖੀ ਜਾ ਸਕਦੀ ਹੈ, ਸਗੋ ਕਈ ਬਿਮਾਰੀਆਂ ਤੋਂ ਆਪਣਾ ਬਚਾਅ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਆਯੁਰਵੇਦ ਕੀ ਕਹਿੰਦਾ ਹੈ?: ਡਾਕਟਰ ਰਮੇਸ਼ ਆਰੀਆ ਦਾ ਕਹਿਣਾ ਹੈ ਕਿ ਤਿਲ ਅਤੇ ਗੁੜ ਦੋਵਾਂ ਵਿੱਚ ਸਰੀਰ ਨੂੰ ਗਰਮ ਕਰਨ ਦੇ ਗੁਣ, ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਅਤੇ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਨਾ ਸਿਰਫ ਸਰਦੀਆਂ ਵਿੱਚ ਸਰੀਰ ਨੂੰ ਕੁਦਰਤੀ ਤੌਰ 'ਤੇ ਗਰਮ ਰੱਖਦੇ ਹਨ, ਸਗੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦ ਕਰਦੇ ਹਨ।ਡਾਕਟਰ ਦਾ ਕਹਿਣਾ ਹੈ ਕਿ ਤਿਲ ਅਤੇ ਗੁੜ ਨੂੰ ਇਕੱਠੇ ਖਾਣ ਨਾਲ ਇਨ੍ਹਾਂ ਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ। ਇਨ੍ਹਾਂ ਦਾ ਸੇਵਨ ਨਾ ਸਿਰਫ ਸਿਹਤ ਅਤੇ ਸੁੰਦਰਤਾ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ, ਸਗੋ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਲਈ ਵੀ ਕੀਤਾ ਜਾਂਦਾ ਹੈ, ਜਿਸ ਕਾਰਨ ਨਾ ਸਿਰਫ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਮੌਸਮੀ ਇਨਫੈਕਸ਼ਨਾਂ ਤੋਂ ਪ੍ਰਭਾਵਿਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ, ਸਗੋਂ ਕਈ ਹੋਰ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਰੋਜ਼ਾਨਾ ਤਿਲ ਅਤੇ ਗੁੜ ਦਾ ਲੱਡੂ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਤਿਲ ਦੇ ਪੌਸ਼ਟਿਕ ਤੱਤ ਅਤੇ ਲਾਭ: ਨਵੀਂ ਦਿੱਲੀ ਦੇ ਨਿਊਟ੍ਰੀਸ਼ਨਿਸਟ ਡਾ: ਦਿਵਿਆ ਸ਼ਰਮਾ ਨੇ ਦੱਸਿਆ ਕਿ ਤਿਲਾਂ ਵਿੱਚ ਆਇਰਨ, ਪ੍ਰੋਟੀਨ, ਵਿਟਾਮਿਨ, ਵਿਟਾਮਿਨ ਬੀ1, ਥਿਆਮਾਈਨ, ਨਿਆਸੀਨ, ਫੋਲਿਕ ਐਸਿਡ, ਪਾਈਰੀਡੋਕਸੀਨ, ਰਾਈਬੋਫਲੇਵਿਨ, ਓਮੇਗਾ 3, ਕਾਰਬੋਹਾਈਡਰੇਟ, ਕੈਲਸ਼ੀਅਮ, ਕਾਪਰ, ਜ਼ਿੰਕ, ਮੈਗਨੀਸ਼ੀਅਮ, ਮੋਲੀਬਡੇਨਮ, ਸੇਲੇਨੀਅਮ ਆਦਿ ਪਾਇਆ ਜਾਂਦਾ ਹੈ। ਇਸ ਨਾਲ ਹੱਡੀਆਂ ਅਤੇ ਦਿਲ ਦੀ ਸਿਹਤ ਨੂੰ ਸੁਧਾਰਨ, ਕਈ ਬਿਮਾਰੀਆਂ ਤੋਂ ਬਚਾਅ, ਸਾਹ ਦੀ ਸਿਹਤ ਨੂੰ ਬਿਹਤਰ ਰੱਖਣ, ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ, ਪਾਚਨ ਕਿਰਿਆ ਨੂੰ ਸਹੀ ਰੱਖਣ, ਸਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ, ਵਾਲਾਂ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਤਿਲਾਂ 'ਚ ਸੇਸਾਮਿਨ ਨਾਂ ਦਾ ਇਕ ਵਿਸ਼ੇਸ਼ ਐਂਟੀਆਕਸੀਡੈਂਟ ਵੀ ਪਾਇਆ ਜਾਂਦਾ ਹੈ, ਜੋ ਕੁਝ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਪਰ ਇੱਥੇ ਇਹ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਤਿਲਾਂ ਦਾ ਸੇਵਨ ਸਹੀ ਮਿਸ਼ਰਨ ਅਤੇ ਨਿਯੰਤਰਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ।
ਗੁੜ ਦੇ ਪੌਸ਼ਟਿਕ ਤੱਤ ਅਤੇ ਲਾਭ: ਜੇਕਰ ਗੁੜ ਦੇ ਪੋਸ਼ਣ ਅਤੇ ਫਾਇਦਿਆਂ ਦੀ ਗੱਲ ਕਰੀਏ, ਤਾਂ ਗੁੜ ਵਿੱਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਫੋਲਿਕ ਐਸਿਡ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ, ਇਸ ਦਾ ਗਰਮ ਸੁਭਾਅ ਸਰਦੀਆਂ 'ਚ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ। ਇਸ ਲਈ ਗੁੜ ਨੂੰ ਸਰਦੀਆਂ ਦਾ ਸੁਪਰ ਫੂਡ ਵੀ ਕਿਹਾ ਜਾਂਦਾ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਗੁੜ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ: ਇਸ ਦੇ ਨਾਲ ਹੀ, ਕੁਝ ਸਥਿਤੀਆਂ ਵਿੱਚ ਗੁੜ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਡਾਕਟਰ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਗੁੜ ਦਾ ਗਲਾਈਸੈਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।