ਤਰਨਤਾਰਨ: ਕਸਬਾ ਚੋਹਲਾ ਸਾਹਿਬ ਦੇ ਗੁਰਦੁਆਰਾ ਪੰਜਵੀ ਪਾਤਸ਼ਾਹੀ ਵਿਖੇ ਇੱਕ ਸਿੱਖ ਸ਼ਰਧਾਲੂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰਾਂ ਇੱਕ ਸਿੱਖ ਸ਼ਰਧਾਲੂ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਦੀ ਦਸਤਾਰ ਤੱਕ ਉਤਾਰ ਦਿਤੀ ਗਈ ਹੈ, ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਸਾਰੇ ਮਾਮਲੇ ਬਾਰੇ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਅੰਗਰੇਜ ਸਿੰਘ ਨੇ ਦੱਸਿਆ ਕਿ ਕੱਲ ਗੁਰਦੁਆਰਾ ਪੰਜਵੀ ਪਾਤਸ਼ਾਹੀ ਵਿਖੇ ਚਾਹ ਪਕੌੜਿਆ ਦੇ ਲੰਗਰ ਲਾਏ ਗਏ ਸਨ, ਪਰ ਜਦੋ ਸੰਗਤ ਜਮੀਨ ਦੇ ਵਿਛਾਉਣ ਵਾਲੇ ਟਾਟ 'ਤੇ ਬੈਠਣ ਲੱਗੀ ਤਾ ਟਾਟ ਦੀ ਹਾਲਤ ਕਾਫ਼ੀ ਹੀ ਮਾੜੀ ਸੀ। ਜਿਸ 'ਤੇ ਉਨ੍ਹਾਂ ਨੇ ਉੱਥੇ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਸੂਚਿਤ ਕੀਤਾ ਅਤੇ ਟਾਟ ਬਦਲਣ ਬਾਰੇ ਕਿਹਾ ਤਾਂ ਸੇਵਾਦਾਰਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਜਿਸ ਦੌਰਾਨ ਉਹ ਲੰਗਰ ਹਾਲ ਵਿੱਚ ਦਾਖਲ ਹੋ ਕੇ ਆਪਣੀ ਜਾਨ ਬਚਾਉਣ ਲੱਗਾ ਤਾਂ ਸੇਵਾਦਾਰ ਲੰਗਰ ਹਾਲ ਦੇ ਅੰਦਰ ਵੜ ਆਏ ਤੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਵੀ ਉਤਾਰ ਦਿਤੀ ਗਈ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਚੋਹਲਾ ਸਾਹਿਬ ਦੀ ਐੱਸਐਚਓ ਸੋਨਮਦੀਪ ਨੇ ਕਿਹਾ ਕਿ ਕੱਲ ਗੁਰਦਆਰੇ ਵਿੱਚ ਟਾਟਾ ਨੂੰ ਲੈ ਕੇ ਸੇਵਾਦਾਰਾ ਅਤੇ ਸਿੱਖ ਸ਼ਰਧਾਲੂ ਵਿੱਚ ਝਗੜਾ ਹੋਇਆ ਸੀ, ਜਿਸ ਦੀਆਂ ਦੋਹਾਂ ਧਿਰਾਂ ਵੱਲੋਂ ਦਰਖਾਸਤਾਂ ਆਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।