ਤਰਨ ਤਾਰਨ: ਪਿੰਡ ਦੀਨੇਵਾਲ ਨਜ਼ਦੀਕ 2 ਮੋਟਰਸਾਈਕਲ ਸਵਾਰ ਨੋਜਵਾਨਾਂ ਵੱਲੋਂ 2 ਨੌਜਵਾਨਾਂ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਜਗਦੇਵ ਸਿੰਘ ਲਾਡੀ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਜਾਣਕਾਰੀ ਮੁਤਾਬਕ ਇਹ ਹਮਲਾ ਆਪਸੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ। ਦੋਵੇਂ ਨੋਜਵਾਨ ਮੋਟਰਸਾਈਕਲ 'ਤੇ ਜਿੰਮ ਤੋਂ ਵਾਪਸ ਆ ਰਹੇ ਸਨ ਜਦੋਂ 2 ਹੋਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਲਾਡੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ।
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੱਤੀ ਕਿ ਲਾਡੀ ਦੇ ਪਿਤਾ ਇੰਗਲੈਡ ਰਹਿੰਦੇ ਹਨ ਤੇ ਲਾਡੀ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਜਿੰਮ ਗਿਆ ਸੀ। ਦੂਜੇ ਪਾਸੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਛੇਤੀ ਹੀ ਕਾਤਲਾਂ ਨੂੰ ਕਾਬੂ ਕੀਤਾ ਜਾਵੇਗਾ।