ਤਰਨ ਤਾਰਨ: ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਹੋਏ ਧਮਾਕੇ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਪਿੰਡ ਪਹੁਵਿੰਡ ਵਿਖੇ ਕੀਤਾ ਗਿਆ। ਦੋਹਾਂ ਬੱਚਿਆਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਹਾਦਸੇ ਵਿੱਚ ਮਾਰੇ ਗਏ ਦੋਵੇਂ ਬੱਚੇ ਆਪਣੇ ਮਾਪਿਆਂ ਦੇ ਇੱਕਲੌਤੇ ਬੱਚੇ ਸਨ।
ਇਸ ਮੌਕੇ ਨਗਰ ਕੀਰਤਨ ਵਿੱਚ ਸ਼ਾਮਿਲ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਫ਼ੀ ਦੇਰ ਤੱਕ ਲੋਕਾਂ ਨੂੰ ਪਤ ਹੀ ਨਹੀਂ ਲੱਗਿਆ ਕੀ ਹੋ ਕੀ ਹੋ ਗਿਆ ਹੈ। ਜਦੋਂ ਸਾਰੇ ਪਾਸੇ ਦੇਖਿਆ ਤਾਂ ਹਾਹਾਕਾਰ ਮੱਚੀ ਪਈ ਸੀ। ਬੱਚਿਆਂ ਦੇ ਚਿੱਥੜੇ ਉੱਡ ਚੁੱਕੇ ਸਨ ਤੇ 9 ਦੇ ਕਰੀਬ ਨੌਜਵਾਨ ਜ਼ਖ਼ਮੀ ਸਨ।
ਸਾਬਕਾ ਮਾਲ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਨਗਰ ਕੀਰਤਨ ਵਿਚ ਅਜਿਹੀ ਘਟਨਾ ਵਾਪਰ ਜਾਵੇਗੀ। ਉਨ੍ਹਾਂ ਕਿਹਾ ਉਹ ਦੁਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਹਨ।
ਤੁਹਾਨੂੰ ਦੱਸ ਦਈਏ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਸ਼ਾਸਨ, ਧਾਰਮਿਕ ਤੇ ਸਿਆਸੀ ਆਗੂ ਵੀ ਪੁੱਜੇ ਜਿਨ੍ਹਾਂ ਵਿਚ ਐੱਸਡੀਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ, ਐੱਸਪੀਡੀ ਜਗਜੀਤ ਸਿੰਘ ਵਾਲੀਆ, ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ,ਕਾਂਗਰਸੀ ਆਗੂ ਗੁਰਚੇਤ ਸਿੰਘ ਭੁੱਲਰ ਸਾਬਕਾ ਮਾਲ ਮੰਤਰੀ ਅਤੇ ਬਾਬਾ ਬਿੱਧੀ ਚੰਦ ਸੰਪਰਦਾਇ ਦੇ ਮੁੱਖੀ ਬਾਬਾ ਅਵਤਾਰ ਸਿੰਘ ਵੀ ਸ਼ਾਮਿਲ ਸਨ।
ਜ਼ਿਕਰਯੋਗ ਹੈ ਕਿ ਤਰਨ ਤਾਰਨ ਦੇ ਪਿੰਡ ਡਾਲੇਕੇ ਨੇੜੇ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ ਵਾਪਰਿਆ ਸੀ। ਪਿੰਡ ਪਹੁਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੂੰ ਜਾ ਰਹੇ ਨਗਰ ਕੀਰਤਨ 'ਚ ਪਿੰਡ ਡਾਲੇਕੇ ਨੇੜੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ 2 ਬੱਚਿਆਂ ਦੀ ਮੌਤ ਤੇ ਕਈ ਜ਼ਖ਼ਮੀ ਹੋਏ।