ਤਰਨਤਾਰਨ: ਪੰਜਾਬ ਦੇ ਪ੍ਰਮੁੱਖ ਵਗਦੇ ਪਾਣੀ ਦੇ ਦਰਿਆ ਬਿਆਸ ਦੇ ਵਿਚ ਬੇਸ਼ੁਮਾਰ ਪਾਣੀ ਆਉਣ ਨਾਲ ਦਰਿਆ ਬਿਆਸ ਕਿਨਾਰੇ ਵੱਸੇ ਪਿੰਡ ਮੁੰਡਾ ਪਿੰਡ ਦੇ ਮੰਡ ਖੇਤਰ ਵਿੱਚ ਕੱਚਾ ਬੰਨ੍ਹ ਟੁੱਟਣ ਨਾਲ ਮੁੰਡਾ ਪਿੰਡ, ਗੁੱਜਰਪੁਰਾ,ਘੜਕਾ,ਕਰਮੂਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਅਤੇ ਪਸ਼ੂਆਂ ਦਾ ਸੁੱਕਾ ਤੇ ਹਰਾ ਚਾਰਾ ਦਰਿਆਈ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਗਿਆ। ਇੱਥੋਂ ਤੱਕ ਕਿ ਬੀਜੀਆਂ ਫਸਲਾਂ ਦਾ ਨਾਮੋ-ਨਿਸ਼ਾਨ ਵੀ ਨਹੀ ਰਿਹਾ। ਕਿਸਾਨਾਂ ਦੀਆਂ ਉਪਜਾਊ ਜ਼ਮੀਨਾ ਵਿੱਚ ਤਿੰਨ ਫੁੱਟ ਤੋਂ ਲੈ ਕੇ ਅੱਠ-ਨੌ ਫੁੱਟ ਡੂੰਘੇ ਪਾਣੀ ਦਾ ਵਹਾਓ ਚੱਲ ਰਿਹਾ ਹੈ।
ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਅਤੇ ਸੰਤ ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲਿਆਂ ਵਾਲੇ ਕਿਸਾਨਾਂ ਦਾ ਹਾਲ ਜਾਣਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਲਗਭਗ 18 ਦਿਨਾਂ ਤੋਂ ਕਿਸਾਨ ਇਸ ਟੁੱਟੇ ਹੋਏ ਬੰਨ ਨੂੰ ਜੋੜਨ ਲਈ ਦਿਨ ਰਾਤ ਇੱਕ ਕਰ ਰਹੇ ਹਨ। ਪਰ, ਸਾਡੀ ਚੁਣੀ ਹੋਈ ਮੋਤੀਆਂ ਵਾਲੀ ਹਾਕਮ ਸਰਕਾਰ ਤੇ ਆਲਾ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹਨ। ਅਜੇ ਤੱਕ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਕੋਈ ਨਹੀਂ ਪਹੁੰਚਿਆ।
ਕਿਸਾਨਾਂ ਦੀ ਤਰਸਯੋਗ ਤੇ ਬੇਵਸੀ ਦੀ ਹਾਲਤ ਵੇਖ ਕੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾ ਦੀ ਮਦਦ ਕਰਨ ਵਾਲੇ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਅਤੇ ਸੰਤ ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲਿਆਂ ਨੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬੇਕਾਬੂ ਦਰਿਆਈ ਪਾਣੀ ਨੂੰ ਠੱਲ ਪਾਉਣ ਲਈ ਸੇਵਾ ਸ਼ੁਰੂ ਕਰਵਾ ਦਿੱਤੀ। ਅੱਜ ਕਿਸਾਨਾਂ ਦੀ ਮੰਗ ਤੇ ਚੋਣਵੇਂ ਪੱਤਰਕਾਰਾਂ ਦੀ ਟੀਮ ਨੇ 600 ਮੀਟਰ ਦੇ ਕਰੀਬ ਟੁਟੇ ਬੰਨ ਦਾ ਜਾਇਜ਼ਾ ਲਿਆ ਉਸ ਟੁੱਟੇ ਬੰਨ੍ਹ ਨੂੰ ਬੰਨਣ ਲਈ ਪੰਦਰਾਂ-ਵੀਹ ਫੁੱਟ ਡੂੰਘੇ ਤੇ ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਕਿਸ਼ਤੀਆਂ ਰਾਹੀਂ ਮਿੱਟੀ ਦੇ ਤੋੜੇ ਭਰਕੇ ਲੋਹੇ ਦੀ ਜਾਲੀ ਲਗਾ ਕੇ ਰਸਤਾ ਬਣਾ ਰਹੀਆਂ ਹਨ।
ਇਸ ਮੌਕੇ ਮੰਡ ਖੇਤਰ ਦੇ ਪਿੰਡਾਂ ਦੇ ਸੈਂਕੜੇ ਕਿਸਾਨਾਂ ਤੇ ਸੰਗਤਾਂ ਨੇ ਦੱਸਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮੰਡ ਦੇ ਭੋਲੇ-ਭਾਲੇ ਲੋਕਾਂ ਨੂੰ ਵੱਡੇ-ਵੱਡੇ ਸੁਫ਼ਨੇ ਵਿਖਾਏ ਪਰ ਹਕੂਮਤ ਵਿੱਚ ਆਉਣ ਤੇ ਕਿਸੇ ਨੇ ਕੋਈ ਸਾਰ ਨਹੀਂ ਲਈ ਇਸ ਮੌਕੇ ਪੀੜਤ ਕਿਸਾਨਾਂ ਨੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਨੰਦ ਸਿੰਘ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਸਾਡੀ ਮਦਦ ਕੀਤੀ।ਮੰਡ ਖੇਤਰ ਦੇ ਹਜ਼ਾਰਾਂ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮੰਡ ਖੇਤਰ ਚੋਂ ਹੋਏ ਭਾਰੀ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਘੱਟ ਤੋਂ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: tourist KSRTC bus crash: 2 ਬੱਸਾਂ ਦੀ ਹੋਈ ਟੱਕਰ, ਹਾਦਸੇ ਵਿੱਚ ਬੱਚਿਆਂ ਸਮੇਤ 9 ਦੀ ਮੌਤ