ਤਰਨ ਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਚੋਰਾਂ ਨੇ ਇਕ ਦਿਹਾੜੀਦਾਰ ਮਜ਼ਦੂਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਘਰ ਵਿਚ ਲੱਗੀ ਐੱਲ.ਸੀ.ਡੀ, ਸੋਨਾ ਅਤੇ ਘਰ ਦਾ ਸਾਰਾ ਸਾਮਾਨ ਲੈ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਵੇਖ ਕੇ ਮਜ਼ਦੂਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਸ਼ਾਮੀਂ ਚਾਰ ਵਜੇ ਦੇ ਕਰੀਬ ਆਪਣੀ ਭੈਣ ਦੇ ਕੋਲ ਮੱਖੂ ਦੇ ਨਜ਼ਦੀਕ ਗਏ ਹੋਏ ਸਨ ਤਾਂ ਜਦ ਉਹ ਸਵੇਰੇ ਤੜਕੇ ਅੱਠ ਵਜੇ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਘਰ ਵਿਚ ਲੱਗੀ ਜਾਲੀ ਟੁੱਟੀ ਹੋਈ ਹੈ ਅਤੇ ਬਾਰੀ ਦੇ ਸ਼ੀਸ਼ੇ ਤੋੜ ਕੇ ਚੋਰਾਂ ਨੇ ਕਮਰੇ ਅੰਦਰ ਦਾਖਲ ਹੋ ਕੇ ਅਲਮਾਰੀਆਂ ਤੋੜ ਕੇ ਉਨ੍ਹਾਂ ਵਿਚ ਪਈ ਇਕ ਉਸ ਦੀ ਸੋਨੇ ਦੀ ਮੁੰਦਰੀ ਅਤੇ ਉਸਦੀ ਪਤਨੀ ਦੀ ਸੋਨੇ ਦੀ ਮੁੰਦਰੀ ਅਤੇ ਉਸ ਦੇ ਟੌਪਸ ਅਤੇ ਕਮਰੇ ਵਿੱਚ ਲੱਗੀ ਐਲਸੀਡੀ ਅਤੇ ਰਿਸੀਵਰ ਨਾਲ ਲੈ ਗਏ ਹਨ।
ਪੀੜਤ ਵਿਅਕਤੀ ਅਮਰੀਕ ਸਿੰਘ ਨੇ ਦੱਸਿਆ ਕਿ ਐਲਸੀਡੀ ਉਸ ਨੇ ਕੁਝ ਦਿਨ ਪਹਿਲਾਂ ਹੀ ਕਿਸ਼ਤਾਂ 'ਤੇ ਲਈ ਸੀ, ਜਿਸ ਦੀ ਅਜੇ ਤੱਕ ਉਸ ਨੇ ਪਹਿਲੀ ਕਿਸ਼ਤ ਵੀ ਨਹੀਂ ਉਤਾਰੀ ਸੀ। ਅਮਰੀਕ ਸਿੰਘ ਨੇ ਕਿਹਾ ਕਿ ਜੋ ਸੋਨੇ ਦਾ ਸਾਮਾਨ ਹੈ, ਉਸ ਦੇ ਸਹੁਰਿਆਂ ਨੇ ਉਸ ਨੂੰ ਦਿੱਤਾ ਹੋਇਆ ਸੀ। ਆਪਣੇ ਘਰ ਵਿੱਚ ਸਿਲੰਡਰ ਅਤੇ ਹੋਰ ਵੀ ਸਾਮਾਨ ਉਸ ਦੇ ਸਹੁਰਿਆਂ ਨੇ ਹੀ ਉਸ ਨੂੰ ਦਿੱਤਾ ਸੀ। ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ ਹਨ।
ਪੀੜਤ ਵਿਅਕਤੀ ਨੇ ਰੋ ਰੋ ਕੇ ਦੱਸਿਆ ਕਿ ਉਸ ਦੇ ਘਰ ਵਿਚ ਕੋਈ ਵੀ ਚੀਜ਼ ਨਹੀਂ ਰਹਿ ਗਈ ਜਿਸ ਨਾਲ ਉਹ ਆਪਣਾ ਰੋਟੀ ਪਕਾ ਕੇ ਗੁਜ਼ਾਰਾ ਕਰ ਸਕਣ। ਪੀੜਤ ਵਿਅਕਤੀ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਰਾਜਗਿਰੀ ਦੇ ਕੰਮ ਵਿੱਚ ਦਿਹਾੜੀ 'ਤੇ ਕੰਮ ਕਰਦਾ ਹੈ। ਜਿਸ ਨਾਲ ਉਹ ਦੋ ਵਕਤ ਦੀ ਰੋਟੀ ਵੀ ਮਸਾਂ ਚਲਾਉਂਦਾ ਸੀ ਤੇ ਉਸ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਉਸ ਦੇ ਘਰ ਦਾ ਸਾਰਾ ਸਾਮਾਨ ਚੋਰੀ ਕਰ ਲਿਆ। ਜਿਸ ਕਾਰਨ ਉਸ ਦੇ ਕੋਲ ਹੁਣ ਕੁਝ ਵੀ ਨਹੀਂ ਰਹਿ ਗਿਆ।
ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਸਬੰਧੀ ਲਿਖਤੀ ਦਰਖਾਸਤ ਪੁਲਿਸ ਚੌਕੀ ਘਰਿਆਲਾ ਵਿਖੇ ਦਿੱਤੀ ਗਈ ਹੈ। ਇਸ ਮੌਕੇ 'ਤੇ ਪਹੁੰਚੀ ਥਾਣਾ ਘਰਿਆਲਾ ਪੁਲਿਸ ਦੇ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਦਰਖਾਸਤ ਲਿਖ ਲਈ ਗਈ ਹੈ। ਪੁਲਿਸ ਦਾ ਕਹਿਣਾ ਕਿ ਜਲਦੀ ਹੀ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪੀੜਤ ਵਿਅਕਤੀ ਨੇ ਸਮਾਜ ਸੇਵੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਦਾ ਤੇ ਪਤਨੀ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ। ਜੇ ਕੋਈ ਸਹਿਯੋਗੀ ਸੱਜਣ ਇਸ ਪੀੜਤ ਵਿਅਕਤੀ ਦੀ ਅਤੇ ਉਸਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਈਲ ਨੰਬਰ 9878160792 ਹੈ।
ਇਹ ਵੀ ਪੜ੍ਹੋ: ਬਟਾਲਾ ਐਨਕਾਊਂਟਰ: ਗੈਂਗਸਟਰ ਬਬਲੂ ਗ੍ਰਿਫ਼ਤਾਰ, ਪੁਲਿਸ ਅਤੇ ਗੈਂਗਸਟਰ ਵਲੋਂ ਲਗਭਗ ਕੱਢੇ ਗਏ 100 ਫ਼ਾਇਰ