ਤਰਨ ਤਾਰਨ: ਬਲਾਤਕਾਰ ਮਾਮਲੇ ’ਚ ਨਾਮਜ਼ਦ ਭਗੌੜੇ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਗਈ। ਜਿਕਰਯੋਗ ਹੈ ਕਿ ਬਲਾਤਕਾਰ ਮਾਮਲੇ ਵਿੱਚ 4 ਸਾਲ ਤੋਂ ਭਗੌੜੇ ਭੁਪਿੰਦਰ ਸਿੰਘ ਨੂੰ ਕਾਬੂ ਕਰਨ ਲਈ ਪਿੰਡ ਤੁੜ ਪੁਲਿਸ ਗਈ ਹੋਈ ਸੀ ਜਿਥੇ ਭੁਪਿੰਦਰ ਸਿੰਘ ਦੇ ਰਿਸ਼ਤੇਦਾਰਾਂ ਵੱਲੋਂ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ ਤੇ ਬੁਰੇ ਤਰੀਕੇ ਨਾਲ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ।
ਇਹ ਵੀ ਪੜੋ: 10 ਅਪ੍ਰੈਲ ਤੋਂ ਖਰੀਦ ਹੋਵੇਗੀ ਸ਼ੁਰੂ, ਸੂਬੇ ਵਿਚ 3972 ਮੰਡੀਆਂ ਨੋਟੀਫਾਈ
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੋਇੰਦਵਾਲ ਸਾਹਿਬ ਜਸਵੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਤੁੜ ਖਿਲਾਫ 23/04/2017 ਨੂੰ ਥਾਣਾ ਗੋਇੰਦਵਾਲ ਸਾਹਿਬ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿੱਚ ਮੁਲਜ਼ਮ ਭੁਪਿੰਦਰ ਸਿੰਘ ਬੀਤੇ 4 ਸਾਲ ਤੋਂ ਭਗੌੜਾ ਚੱਲ ਰਿਹਾ ਸੀ। ਅੱਜ ਦੁਪਹਿਰ ਨਾਰਕੋਟਿਕ ਸੈੱਲ ਦੇ ਏ.ਐੱਸ.ਆਈ. ਨਰਿੰਦਰਪਾਲ ਸਿੰਘ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਭੁਪਿੰਦਰ ਸਿੰਘ ਆਪਣੇ ਪਿੰਡ ਤੁੜ ਵਿਖੇ ਲੁਕਿਆ ਹੋਇਆ ਹੈ ਜਿਸਨੂੰ ਫੜਨ ਲਈ ਪੁਲਿਸ ਪਾਰਟੀ ਤੁੜ ਵਿਖੇ ਪੁੱਜੀ। ਜਿਥੇ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਵੱਲੋਂ ਪੁਲਿਸ ਪਾਰਟੀ ਉਪਰ ਹਮਲਾ ਕਰ ਦਿੱਤਾ ਗਿਆ ਅਤੇ ਮੁਲਜ਼ਮ ਭੁਪਿੰਦਰ ਸਿੰਘ ਨੂੰ ਮੌਕੇ ਤੋਂ ਫਰਾਰ ਕਰਵਾ ਦਿੱਤਾ ਗਿਆ।
ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਪਾਹੀ ਗੁਰਸਾਹਿਬ ਸਿੰਘ ਦੀ ਵਰਦੀ ਪਾੜ ਦਿੱਤੀ ਗਈ ਅਤੇ ਹੈਡ ਕਾਂਸਟੇਬਲ ਪਰਗਟ ਸਿੰਘ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਬਾਕੀ 3 ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਸਬੰਧ ’ਚ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਮੌੜ ਮੰਡੀ ਬੰਬ ਧਮਾਕੇ ’ਚ ਦਾਖਲ ਪਟੀਸ਼ਨ ਨੂੰ ਹਾਈਕੋਰਟ ਨੇ ਕੀਤਾ ਖਾਰਜ