ਤਰਨ ਤਾਰਨ: ਸਰਹੱਦੀ ਪਿੰਡ ਡੱਲ ਦੇ ਕਿਸਾਨ ਬਲਵਿੰਦਰ ਸਿੰਘ ਦਾ 4 ਸਾਲਾ ਪੁੱਤਰ ਦੋਵੇਂ ਗੁਰਦੇ ਖ਼ਰਾਬ ਹੋਣ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਗ਼ਰੀਬੀ ਦੀ ਮਾਰ ਹੇਠ ਬਲਵਿੰਦਰ ਆਪਣੇ ਪੁੱਤ ਦਾ ਸਹੀ ਢੰਗ ਨਾਲ ਇਲਾਜ ਵੀ ਨਹੀਂ ਕਰਵਾ ਸਕਦਾ।
ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ 3 ਕੁੜੀਆਂ ਤੋਂ ਬਾਅਦ ਉਨ੍ਹਾਂ ਨੂੰ ਦੇ ਪੁੱਤਰ ਨੇ ਜਨਮ ਲਿਆ ਸੀ, ਪਰ ਬੀਤੇ 3 ਮਹੀਨਿਆਂ ਤੋਂ ਉਨ੍ਹਾਂ ਦਾ ਪੁੱਤਰ ਗੁਰਦੇ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਇਲਾਜ ਲੁਧਿਆਣਾ ਡੀਐਮਸੀ ਤੋਂ ਚੱਲ ਰਿਹਾ ਹੈ। ਪਰ ਪੈਸੇ ਦੀ ਕਿੱਲਤ ਕਾਰਨ ਉਹ ਇਹ ਇਲਾਜ ਲਗਾਤਾਰ ਅਤੇ ਵਧੀਆ ਢੰਗ ਨਾਲ ਕਰਵਾਉਣ ਤੋਂ ਅਸਮਰੱਥ ਹਨ।
ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਬੀਤੇ 9 ਮਹੀਨਿਆਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਮਾਂ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਬੱਚੇ ਦਾ ਮਹਿੰਗਾ ਇਲਾਜ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ।
ਇਸ ਗ਼ਰੀਬ ਪਰਿਵਾਰ ਕੋਲ ਕਰੀਬ 1 ਏਕੜ ਜ਼ਮੀਨ ਸੀ ਜੋ ਆਪਣੇ 4 ਸਾਲਾ ਬੱਚੇ ਦੇ ਇਲਾਜ ਲਈ ਗਹਿਣੇ ਰੱਖੀ ਹੋਈ ਹੈ। ਇਸ ਪਰਿਵਾਰ ਦੀ ਬੇਬਸੀ ਨੇ ਪਰਿਵਾਰ ਦੇ ਗੋਢੇ ਟਿਕਾ ਦਿੱਤੇ ਹਨ। ਪਰਿਵਾਰ ਨੇ ਵਿੱਤੀ ਮਦਦ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੋਈ ਵੀ ਐਨਆਰਆਈ ਵੀਰ ਅੱਗੇ ਆਵੇ ਅਤੇ ਉਨ੍ਹਾਂ ਦੇ ਬੱਚੇ ਦੇ ਇਲਾਜ ਲਈ ਉਨ੍ਹਾਂ ਦੀ ਵਿੱਤੀ ਮਦਦ ਕਰੇ।