ਤਰਨ ਤਾਰਨ ਦੇ ਪਿੰਡ ਡਾਲੇਗੇ ਨੇੜੇ ਅੱਜ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ ਵਾਪਰਿਆ। ਸ਼ਹਿਰ ਦੇ ਪਿੰਡ ਪਹੂ ਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੂੰ ਜਾ ਰਹੇ ਨਗਰ ਕੀਰਤਨ 'ਚ ਪਿੰਡ ਡਾਲੇਗੇ ਨੇੜੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ 14-15 ਦੀ ਮੌਤ ਹੋ ਗਈ। ਹਾਦਸੇ 'ਚ ਕਈ ਜ਼ਖ਼ਮੀ ਹਨ।
ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਟਰਾਲੀ 'ਚ ਸਵਾਰ 17-18 ਨੌਜਵਾਨ ਪਟਾਕੇ ਵਜਾਉਂਦੇ ਆ ਰਹੇ ਸਨ। ਇਸ ਦੌਰਾਨ ਟਰਾਲੀ 'ਚ ਪਏ ਪਟਾਕਿਆਂ ਦੇ ਬਾਰੂਦ ਨੂੰ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਧਮਾਕਾ ਇੰਨ੍ਹਾਂ ਜ਼ਬਰਦਸਤ ਸੀ ਕਿ ਟਰਾਲੀ ਦੇ ਪਰਖੱਚੇ ਉੱਡ ਗਏ। ਟਰਾਲੀ 'ਚ ਸਵਾਰ 14-15 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹਨ। ਉਨ੍ਹਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ ਪਰ ਜ਼ਖ਼ਮੀ ਨੌਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੂਜੇ ਪਾਸੇ, ਆਈਜੀ ਸਰਿੰਦਰਪਾਲ ਸਿੰਘ ਪਰਮਾਰ ਨੇ ਐਸਐਸਪੀ ਤੋਂ ਵੱਖਰਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਜਦਕਿ 11 ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਐਸਐਸਪੀ ਦਹੀਆ ਨੇ ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ ਮੌਤ ਦਾ ਅੰਕੜਾ ਜ਼ਿਆਦਾ ਦੱਸਿਆ ਸੀ।