ਤਰਨਤਾਰਨ: ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਦੇ ਮੁੱਖ ਸੰਚਾਲਕ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰਨਮਾਸ਼ੀ ਵਾਲੇ ਦਿਨ 30 ਨਵੰਬਰ 2020 ਤੋਂ ਲੈ ਕੇ 14 ਦਸੰਬਰ 2020 ਮੱਸਿਆ ਵਾਲੇ ਦਿਨ ਤੱਕ ਗਰਭਵਤੀ ਔਰਤਾਂ ਦੀ ਡਿਲੀਵਰੀ ਦਾ ਸਾਰਾ ਖਰਚਾ ਹਸਪਤਾਲ ਵੱਲੋਂ ਕੀਤੇ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਗੱਲਬਾਤ ਕਰਦਿਆਂ ਕੀਤਾ।
ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਜਗਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਜਿਸਟਰਡ ਗਰਭਵਤੀ ਔਰਤਾਂ ਦੀ ਡਿਲੀਵਰੀ ਸਮੇਂ ਕਿਸੇ ਕੁੜੀ ਦਾ ਜਨਮ ਹੁੰਦਾ ਹੈ ਤਾਂ ਗਰਭਵਤੀ ਔਰਤ ਦੇ ਪਰਿਵਾਰ ਕੋਲੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ ਅਤੇ ਉਸ ਦਾ ਸਾਰਾ ਖਰਚਾ ਹਸਪਤਾਲ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਸਾਰਾ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਬਾਬਾ ਜੀ ਵੱਲੋਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਹਰ ਮੱਸਿਆ ਦੌਰਾਨ ਵੀ ਹਸਪਤਾਲ ਵਿੱਚ ਮੁਫ਼ਤ ਬਾਹਰਲਾ ਮਰੀਜ਼ ਵਿਭਾਗ (ਓਪੀਡੀ) ਦਿੱਤਾ ਜਾਂਦਾ ਹੈ, ਜਿਸ ਵਿੱਚ ਟੈਸਟਾਂ ਤੇ ਦਵਾਈਆਂ 'ਤੇ 15 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ ਅਤੇ ਮੋਤੀਏ ਦੇ ਅਪ੍ਰੇਸ਼ਨ ਹਰ ਰੋਜ ਮੁਫਤ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਬਾਬਾ ਜਗਤਾਰ ਸਿੰਘ ਵੱਲੋਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਵਿਅਕਤੀ ਇਲਾਜ ਪੱਖੋਂ ਨਾ ਰਹਿ ਸਕੇ।