ਤਰਨਤਾਰਨ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਹਲਕਿਆਂ ਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਨਾਲ ਹੀ ਗਰੀਬ ਲੋਕਾਂ ਦੇ ਨਾਲ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਆਖੀ ਗਈ। ਨਾਲ ਹੀ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਗਰੀਬ ਲੋਕਾਂ ਲਈ ਕਈ ਕੰਮ ਕੀਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਵਿਧਾਨਸਭਾ ਹਲਕਾ ਖੇਮਕਰਨ ਚ ਇੱਕ ਵਖਰੀ ਹੀ ਤਸਵੀਰ ਦੇਖਣ ਨੂੰ ਮਿਲੀ।
ਦੱਸ ਦਈਏ ਕਿ ਵਿਧਾਨਸਭਾ ਹਲਕਾ ਖੇਮਕਰਨ ਚ ਪੈਂਦੇ ਪਿੰਡ ਨਾਰਲੀ ’ਚ ਇੱਕ ਪਰਿਵਾਰ ਇੰਨੀ ਜਿਆਦਾ ਨਰਕ ਭਰੀ ਜਿੰਦਗੀ ਨੂੰ ਜਿਉਣ ਲਈ ਮਜ਼ਬੂਰ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ। ਹਲਾਤ ਇੰਨੇ ਜਿਆਦਾ ਮਾੜੇ ਹਨ ਕਿ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਵੀ ਬਹੁਤ ਹੀ ਮੁਸ਼ਕਿਲ ਨਾਲ ਜੁੜਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤਾ ਸਵਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਕੁਝ ਸਾਲਾਂ ਪਹਿਲਾਂ ਲੱਤ ਟੁੱਟ ਗਈ ਸੀ ਜਿਸ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਉਨ੍ਹਾਂ ਦਾ ਸਭ ਕੁਝ ਵਿਕ ਗਿਆ। ਹਾਲਾਤ ਹੁਣ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਅੱਜ ਉਨ੍ਹਾਂ ਦੇ ਸਿਰ ਤੇ ਢੰਗ ਦੀ ਛੱਤ ਵੀ ਨਹੀਂ ਹੈ। ਚਾਹੇ ਮੀਂਹ ਹੋਵੇ ਹਨੇਰੀ ਹੋਵੇ ਜਾਂ ਫਿਰ ਸਰਦੀ ਗਰਮੀ ਉਹ ਇਸੇ ਘਰ ਚ ਰਹਿ ਕੇ ਗੁਜਾਰਾ ਕਰ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਸਰਵਨ ਕੌਰ ਦੇ ਬੇਟੇ ਨਿਰਮਲ ਸਿੰਘ ਨੇ ਦੱਸਿਆ ਕਿ ਕੰਮ ਦੇ ਦੌਰਾਨ ਉਸ ਦੀ ਲੱਤ ਟੁੱਟ ਗਈ ਜਿਸ ਕਾਰਨ ਉਹ ਸਾਰੀ ਉਮਰ ਦੇ ਲਈ ਅਪਾਹਜ ਹੋ ਗਿਆ। ਪੰਜ ਸਾਲ ਬਾਅਦ ਹੁਣ ਚੋਣਾਂ ਆਈਆਂ। ਉਨ੍ਹਾਂ ਕੋਲ ਲੀਡਰ ਵੀ ਆਏ ਸੀ ਪਰ ਮਦਦ ਲਈ ਨਹੀਂ ਵੋਟਾਂ ਮੰਗਣ ਲਈ। ਉਨ੍ਹਾਂ ਦੀ ਅੱਜ ਤੱਕ ਕਿਧਰੇ ਵੀ ਸੁਣਵਾਈ ਨਹੀਂ ਹੋਈ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਉਹ ਦੋ ਵਕਤ ਦੀ ਰੋਟੀ ਖਾ ਸਕਣ।
ਇਹ ਵੀ ਪੜੋ: ਪੰਜਾਬ ਦੇ ਇਸ ਜ਼ਿਲ੍ਹੇ ’ਚ ਤੇਂਦੂਏ ਦੀ ਦਹਿਸ਼ਤ, ਕਈ ਲੋਕਾਂ ਨੂੰ ਕੀਤਾ ਜ਼ਖ਼ਮੀ, ਦੇਖੋ ਸੀਸੀਟੀਵੀ ਫੁਟੇਜ਼