ਤਰਨ ਤਾਰਨ: ਸੀਆਈਏ ਸਟਾਫ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ 9 ਲਗਜ਼ਰੀ ਗੱਡੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਆਈ ਪਰਮਜੀਤ ਸਿੰਘ ਵਲੋਂ ਇਸ ਮਾਮਲੇ ਵਿਚ ਰਸ਼ਪਾਲ ਸਿੰਘ, ਨਿਰਮਲ ਸਿੰਘ ਅਤੇ ਰਮਨ ਕੁਮਾਰ ਨੂੰ ਪਿੰਡ ਠੱਠਾ ਤੋਂ ਕਾਬੂ ਕੀਤਾ ਗਿਆ।
ਇਸ ਬਾਰੇ ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਫੜੇ ਗਏ ਤਿੰਨੋਂ ਮੁਲਜ਼ਮ ਜਾਅਲੀ ਆਰਸੀ ਤਿਆਰ ਕਰਦੇ ਸਨ ਤੇ ਗੱਡੀਆਂ ਨੂੰ ਗੱਡੀਆਂ ਨੂੰ ਅੱਗੇ ਵੇਚ ਦਿੰਦੇ ਸਨ। ਕਈ ਗੱਡੀਆਂ ਤੇ ਲੋਨ ਵੀ ਲਏ ਗਏ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਇਕ ਕਲਰ ਪ੍ਰਿੰਟਰ, ਲੈਪਟੋਪ, ਜਾਅਲੀ ਮੋਹਰਾਂ ਅਤੇ ਜਾਅਲੀ ਆਰਸੀ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਲੋਕ ਦੂਜੀਆਂ ਸਟੇਟਾਂ ਤੋਂ ਗੱਡੀਆਂ ਲਿਆ ਕੇ ਪੰਜਾਬ ਵਿਚ ਜਾਅਲੀ ਨੰਬਰ ਅਤੇ ਜਾਅਲੀ ਕਾਗਜ਼ਾਤ ਬਣਾਕੇ ਗੱਡੀਆਂ ਤੇ ਲੋਨ ਕਰਾਕੇ ਅੱਗੇ ਵੇਚਦੇ ਸਨ।
ਇਸ ਤੋਂ ਇਲਾਵਾ ਪੁਲਿਸ ਨੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਦੇ ਹੋਏ ਚਾਰ ਹੋਰ ਸਮਗਲਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ 4 ਨਸ਼ਾ ਤਸਕਰਾਂ ਦੀ 15 ਕਰੋੜ 13 ਲੱਖ 68 ਹਜ਼ਾਰ ਦੀ ਜਾਇਦਾਦ ਜ਼ਬਤ ਕੀਤੀ ਗਈ ਜਿਸ ਚ ਜਗਦੇਵ ਸਿੰਘ ਦੀ 95 ਕਨਾਲ 14 ਮਰਲੇ ਜ਼ਮੀਨ, 2 ਘਰ, 1 ਪੈਲੇਸ, ਖਹਿਰਾ ਫਾਰਮ ਹਾਊਸ ਅਤੇ 1 ਫ਼ਾਰਚੁਨਰ ਗੱਡੀ ਜ਼ਬਤ ਕੀਤੀ ਗਈ ਹੈ। ਇਸ ਜਾਇਦਾਦ ਦੀ ਕੀਮਤ 10 ਕਰੋੜ 58 ਲੱਖ 76 ਹਜ਼ਾਰ 392 ਰੁਪਏ ਹੈ। ਇਸੇ ਤਰਾਂ ਦੂਜੇ ਤਸਕਰ ਅਵਤਾਰ ਸਿੰਘ ਦੀ 56 ਕਨਾਲ 11 ਮਰਲੇ ਜ਼ਮੀਨ, 1 ਫ਼ਾਰਚੁਨਰ ਗੱਡੀ, 1 ਸਕਾਰਪੀਓ ਗੱਡੀ ਤੇ ਇਕ ਹੀਰੋ ਹੌਂਡਾ ਏਜੰਸੀ ਨੂੰ ਜ਼ਬਤ ਕੀਤਾ ਗਿਆ ਜਿਸਦੀ ਕੀਮਤ 1 ਕਰੋੜ 53 ਲੱਖ 87 ਹਜ਼ਾਰ 530 ਰੁਪਏ ਹੈ। ਤੀਜੇ ਤਸਕਰ ਗੁਰਵੇਲ ਸਿੰਘ ਦੀ 60 ਲੱਖ 14 ਹਜ਼ਾਰ 16 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਅਤੇ ਚੌਥੇ ਤਸਕਰ ਸਤਨਾਮ ਸਿੰਘ ਦੀ 47 ਕਨਾਲ 6 ਮਰਲੇ ਜ਼ਮੀਨ 1 ਘਰ ਜ਼ਬਤ ਕੀਤਾ ਗਿਆ ਜਿਸਦੀ ਕੀਮਤ 2 ਕਰੋੜ 41 ਲੱਖ 20 ਹਜ਼ਾਰ 750 ਰੁਪਏ ਬਣਦੀ ਹੈ।