ਤਰਨ ਤਾਰਨ: ਥਾਣਾ ਸਦਰ ਪੱਟੀ ਦੇ ਪਿੰਡ ਸ਼ਹੀਦ ਵਿੱਚ ਦੋ ਧਿਰਾਂ ਦੇ ਆਪਸੀ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮੌਕੇ ਉੱਤੇ ਪੁੱਜੀ ਪੁਲਿਸ ਉੱਤੇ ਹੀ ਇੱਕ ਧਿਰ ਵੱਲੋਂ ਹਮਲਾ ਕਰ ਦਿੱਤਾ ਗਿਆ।
ਹੈਲਪਲਾਇਨ ਨੰਬਰ 100 ਉੱਤੇ ਝਗੜੇ ਦੀ ਸ਼ਿਕਾਇਤ ਤੋਂ ਬਾਅਦ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ 5 ਪੁਲਿਸ ਮੁਲਾਜ਼ਮਾਂ ਦੀ ਟੀਮ ਪਿੰਡ ਪਹੁੰਚੀ। ਜਿਸ ਦੌਰਾਨ ਦੋਹਾਂ ਧਿਰਾਂ ਦੇ ਲੋਕ ਇਕੱਠੇ ਹੋਏ।
ਐੱਸ.ਐੱਚ.ਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ 100 ਨੰਬਰ ਉੱਤੇ ਇੱਕ ਧਿਰ ਵੱਲੋਂ ਕੁੱਟਮਾਰ ਕਰਨ ਦੀਆਂ ਧਮਕੀਆਂ ਦੀ ਸ਼ਿਕਾਇਤ ਮਿਲੀ ਤਾਂ ਉਹ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ ਉੱਤੇ ਪੁੱਜੇ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਝਗੜਾ ਨਾ ਹੋਵੇ, ਇਸ ਨੂੰ ਲੈ ਕੇ ਅਸੀਂ ਦੋਵਾਂ ਧਿਰਾਂ ਨੂੰ ਸਮਝਾ ਕੇ ਘਰਾਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ। ਪਰ ਸ਼ਿਕਾਇਤਕਰਤਾ ਧਿਰ ਦੇ ਕੁੱਝ ਲੋਕ ਰੋਹ ਵਿੱਚ ਆ ਗਏ ਅਤੇ ਉਲਟਾ ਸਾਡੇ ਉੱਤੇ ਹੀ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਅਧਿਕਾਰੀ ਕਲਵਿੰਦਰ ਸਿੰਘ ਦੀ ਬਾਂਹ ਉੱਤੇ ਦਾਤਰ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਧਿਰ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਉੱਤੇ ਗੋਲੀਆਂ ਵੀ ਚਲਾਈਆਂ। ਫ਼ਿਲਹਾਲ ਜ਼ਖ਼ਮੀ ਪੁਲਿਸ ਅਧਿਕਾਰੀ ਪੱਟੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਐੱਸ.ਐੱਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਵਿਚੋਂ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਦ ਕਿ ਬਾਕੀਆਂ ਦੀ ਭਾਲ ਜਾਰੀ ਹੈ।