ਤਰਨਤਾਰਨ : ਤਰਨਤਾਰਨ ਪੁਲਿਸ ਨੇ 24 ਘੰਟਿਆਂ ਵਿੱਚ ਕਾਰਵਾਈ ਕਰਦਿਆਂ ਖੋਹੇ ਗਏ 8 ਮਹੀਨਿਆਂ ਦੇ ਬੱਚੇ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਵੱਲੋਂ ਬੱਚਾ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕੈਰੋਂ ਨਿਵਾਸੀ ਕੁਲਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਅਤੇ ਉਸਦੀ ਪਤਨੀ ਹਰਮੀਤ ਕੌਰ ਆਪਣੇ 8 ਮਹੀਨਿਆਂ ਦੇ ਪੋਤਰੇ ਕਰਨਪਾਲ ਸਿੰਘ ਦੇ ਨਾਲ ਭਿੱਖੀਵਿੰਡ ਆਏ ਹੋਏ ਸਨ। ਵਾਪਸੀ ਵੇਲੇ ਪਿੰਡ ਕੈਰੋਂ ਤੋਂ ਕੁੱਝ ਕਿਲੋਮੀਟਰ ਪਿੱਛੇ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪੋਤਰਾ ਖੋਹ ਲਿਆ। ਇਸ ਦੌਰਾਨ ਪੋਤਰੇ ਨੂੰ ਬਚਾਉਂਦਿਆਂ ਉਸਦੀ ਪਤਨੀ ਮੋਟਰਸਾਇਕਲ ਤੋਂ ਹੇਠਾਂ ਡਿੱਗ ਗਈ ਅਤੇ ਉਸਦੇ ਕਾਫੀ ਸੱਟਾਂ ਵੀ ਲੱਗੀਆਂ।
ਪੁਲਿਸ ਨੇ ਅਰੰਭੀ ਤੁਰੰਤ ਕਾਰਵਾਈ : ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ। ਇਸ ਦਰਮਿਆਨ ਸੀ.ਸੀ.ਟੀ.ਵੀ ਕੈਮਰਿਆਂ ਅਤੇ ਟੈਕਨੀਕਲ ਮਦਦ ਲੈਂਦਿਆਂ ਇਸ ਮਾਮਲੇ ਦੇ ਮੁਲਜ਼ਮ ਜਗਦੀਸ਼ ਸਿੰਘ ਵਾਸੀ ਪਿੰਡ ਕਾਹਲਵਾਂ, ਕੁਲਦੀਪ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਸਾਹਿਬ ਹਾਲ ਵਾਸੀ ਮਾਡਲ ਟਾਊਨ ਕਚਹਿਰੀ ਰੋਡ ਬਟਾਲਾ ਅਤੇ ਜੋਬਨਜੀਤ ਸਿੰਘ ਵਾਸੀ ਪਿੰਡ ਯੋਧਾ ਨਗਰ ਥਾਣਾ ਤਰਸਿੱਕਾ ਹਾਲ ਵਾਸੀ ਨਿੱਕਾ ਰਈਆ ਥਾਣਾ ਬਿਆਸ ਨੂੰ ਗ੍ਰਿਫਤਾਰ ਕਰ ਲਿਆ।
ਬੱਚਾ ਦੇ ਲਈ ਮਿਲਣੇ ਸੀ 3 ਲੱਖ ਰੁਪਏ : ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਜਗਦੀਸ਼ ਸਿੰਘ ਦੀ ਪਿੰਡ ਖਾਲੜਾ ਵਿੱਖੇ ਰਿਸ਼ਤੇਦਾਰੀ ਸੀ। ਜਗਦੀਸ਼ ਸਿੰਘ ਨੂੰ ਉਸਦੇ ਰਿਸ਼ਤੇਦਾਰ ਨੇ ਕਿਸੇ ਬੱਚੇ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਅਤੇ ਇਸ ਲਈ ਉਨ੍ਹਾਂ ਵੱਲੋਂ 3 ਲੱਖ ਰੁਪਏ ਦੇਣੇ ਸਨ। ਇਸ ਤੋਂ ਬਾਅਦ ਇਹ ਮੁਲਜਮ ਹਰਮੀਤ ਕੌਰ ਪਾਸੋਂ ਮੋਟਰਸਾਈਕਲ ਉੱਤੇ ਜਾਂਦੇ ਸਮੇਂ ਉਹਨਾਂ ਦਾ 8 ਮਹੀਨਿਆਂ ਦਾ ਪੋਤਰਾ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਪਿੰਡ ਰਈਏ ਆਪਣੇ ਦੋਸਤ ਜੋਬਨਜੀਤ ਸਿੰਘ ਕੋਲ ਪਹੁੰਚ ਗਏ। ਪੁਲਿਸ ਮੁਤਾਬਿਕ ਮੁਲਜ਼ਮ ਕੁਲਦੀਪ ਸਿੰਘ ਅਤੇ ਜਗਦੀਸ਼ ਸਿੰਘ ਉੱਤੇ ਪਹਿਲਾਂ ਵੀ ਮੁਕੱਦਮੇ ਦਰਜ਼ ਹਨ। ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।