ਤਰਨਤਾਰਨ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸੰਬੰਧਿਤ ਡਾਕਟਰਾਂ ਉੱਪਰ ਲਾਪਰਵਾਹੀ ਵਰਤਣ ਦਾ ਦੋਸ਼ ਲਗਾਉਂਦਿਆਂ ਭਰਵੀਂ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਡਾਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਸੁਰਿੰਦਰ ਸਿੰਘ ਦੇ ਗੋਡੇ 'ਤੇ ਜ਼ਖਮ ਸੀ, ਜਿਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਸੁਰਿੰਦਰ ਸਿੰਘ ਦੇ ਠੀਕ ਹੋਣ ਦਾ ਭਰੋਸਾ ਦਿੰਦੇ ਹੋਏ 10 ਦਿਨਾਂ ਬਾਅਦ ਆਪ੍ਰੇਸ਼ਨ ਕਰਨ ਬਾਰੇ ਕਿਹਾ ਸੀ, ਪਰ ਮੰਗਲਵਾਰ ਨੂੰ 6 ਦਿਨਾਂ ਬਾਅਦ ਜਦੋਂ ਪਰਿਵਾਰਕ ਮੈਂਬਰ ਕੁਝ ਸਮੇਂ ਲਈ ਘਰ ਗਏ ਤਾਂ ਹਸਪਤਾਲ ਤੋਂ ਸੁਰਿੰਦਰ ਸਿੰਘ ਦੀ ਮੌਤ ਦੀ ਖ਼ਬਰ ਆ ਗਈ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਸੁਰਿੰਦਰ ਸਿੰਘ ਦੀ ਮੌਤ ਨਾਲ ਉਸਦਾ ਪਰਿਵਾਰ ਉਜੜ ਗਿਆ ਹੈ ਅਤੇ ਬੱਚੇ ਅਨਾਥ ਹੋ ਗਏ ਹਨ।
ਮ੍ਰਿਤਕ ਦੀ ਪਤਨੀ ਅਤੇ ਸੱਸ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਸੁਰਿੰਦਰ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੁਰਿੰਦਰ ਸਿੰਘ ਦੀ ਮੌਤ ਲਈ ਲਾਪਰਵਾਹੀ ਵਰਤਣ ਵਾਲੇ ਡਾਕਟਰ ਅਤੇ ਸਟਾਫ਼ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਇਨਸਾਫ਼ ਦਿੱਤਾ ਜਾਵੇ।
ਇਸ ਮੌਕੇ ਐਸਸੀ ਭਾਈਚਾਰੇ ਦੇ ਆਗੂ ਦਲਜੀਤ ਸਿੰਘ ਬੁੱਟਰ ਨੇ ਸੁਰਿੰਦਰ ਸਿੰਘ ਦੀ ਮੌਤ ਲਈ ਇਲਾਜ ਕਰ ਰਹੇ ਡਾਕਟਰਾਂ 'ਤੇ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਉਧਰ, ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਮਰੀਜ਼ ਸੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਲਾਏ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਵੀ ਕਿਹਾ ਹੈ ਕਿ ਸੁਰਿੰਦਰ ਸਿੰਘ ਦੇ ਜ਼ਖ਼ਮ ਸੀ, ਜੋ ਕਿ ਰੋਜ਼ਾਨਾ ਰਿਸਦਾ ਸੀ, ਜੋ ਕਿ ਵੱਡਾ ਹੋਣ ਕਾਰਨ ਅੱਜ ਫਟ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਕਾਰਵਾਈ ਕਰ ਰਹੇ ਹਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।