ਤਰਨਤਾਰਨ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬੈਂਕਾ ਵਿਖੇ ਇਕ ਗੁਰੂਘਰ ਦੇ ਪਾਠੀ ਸਿੰਘ ਦੀ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰੂਘਰ ਦੇ ਪਾਠੀ ਸਿੰਘ ਕੁੱਟਮਾਰ ਦੇ ਦੌਰਾਨ ਬਾਂਹ ਤੋੜੀ, ਉਸਦੇ ਕਕਾਰਾਂ ਦੀ ਬੇਅਦਬੀ ਅਤੇ ਦਸਤਾਰ ਲਾਹ ਕੇ ਬੇਅਦਬੀ ਵੀ ਕੀਤੀ ਗਈ।
ਪੀੜਤ ਨੇ ਦੱਸੀ ਹੱਡਬੀਤੀ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਾਠੀ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਾਠੀ ਸਿੰਘ ਹੈ ਅਤੇ ਸਵੇਰ ਸਮੇਂ ਉਹ ਆਪਣੀ ਡਿਊਟੀ ਪੂਰੀ ਕਰਕੇ ਪਿੰਡ ਬੈਂਕੇ ਆਇਆ ਸੀ ਅਤੇ ਜਦ ਉਹ ਆਪਣੀ ਜ਼ਮੀਨ ਵਿੱਚ ਗਿਆ ਤਾਂ ਪਿੰਡ ਦੇ ਹੀ ਰਹਿਣ ਵਾਲੇ ਨਿਸ਼ਾਨ ਸਿੰਘ ਅਤੇ ਨਿਰਵੈਲ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ ਅਤੇ ਕਈ ਹੋਰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਦੌਰਾਨ ਉਸਦੇ ਕਕਾਰਾਂ ਦੀ ਵੀ ਉਕਤ ਵਿਅਕਤੀਆਂ ਨੇ ਬੇਅਦਬੀ ਕੀਤੀ ਅਤੇ ਉਸ ਦੀ ਦਸਤਾਰ ਵੀ ਲਾਹ ਦਿੱਤੀ।
ਇਹ ਸੀ ਪੂਰਾ ਮਾਮਲਾ: ਪੀੜਤ ਵਿਅਕਤੀ ਬੋਹੜ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪੈਂਤੀ ਸਾਲ ਪਹਿਲਾਂ ਜ਼ਮੀਨ ਇੱਕ ਕਿੱਲਾ ਮੁੱਲ ਲਈ ਹੋਈ ਸੀ ਜਿਸ ਉੱਤੇ ਨਿਸ਼ਾਨ ਸਿੰਘ ਅਤੇ ਨਿਰਵੈਲ ਸਿੰਘ ਆਪਣੀ ਦੱਸਦੇ ਹੋਏ ਜਾਅਲੀ ਰਜਿਸਟਰੀ ਬਣਾ ਕੇ ਉਸ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦੇਣ ਤੋਂ ਬਾਅਦ ਉਕਤ ਵਿਅਕਤੀਆਂ ਉੱਤੇ 420 ਦਾ ਥਾਣਾ ਭਿੱਖੀਵਿੰਡ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੀਆਂ ਜ਼ਮਾਨਤਾਂ ਅਜੇ ਤੱਕ ਨਹੀਂ ਹੋਈਆਂ।
ਜ਼ਮੀਨ ਨੂੰ ਲੈ ਕੇ ਸੀ ਝਗੜਾ: ਪੀੜਤ ਬੋਹੜ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਆਪਣੀ ਜ਼ਮੀਨ ਵਿੱਚ ਗੇੜਾ ਮਾਰਨ ਗਿਆ ਤਾਂ ਉਕਤ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਲਾ ਦਿੱਤੀਆਂ ਅਤੇ ਉਸ ਦੇ ਗਲ ਪਾਏ ਹੋਏ ਕਕਾਰਾਂ ਸਾਹਿਬ ਦੀ ਵੀ ਬੇਅਦਬੀ ਕੀਤੀ ਅਤੇ ਉਸ ਦੀ ਦਸਤਾਰ ਲਾਹ ਕੇ ਵੀ ਉਸ ਦੀ ਬੇਅਦਬੀ ਕੀਤੀ ਹੈ।
ਪੀੜਤ ਪਾਠੀ ਸਿੰਘਨੇ ਕੀਤੀ ਇਨਸਾਫ ਦੀ ਮੰਗ: ਪੀੜਤ ਬੋਹੜ ਸਿੰਘ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਲਿਖਤੀ ਦਰਖਾਸਤ ਉਸ ਸਮੇਂ ਪੁਲਿਸ ਚੌਕੀ ਸੁਰਸਿੰਘ ਵਿਖੇ ਦੇ ਦਿੱਤੀ ਗਈ ਸੀ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਪੁਲਿਸ ਵਾਲਾ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਪੀੜਤ ਬੋਹੜ ਸਿੰਘ ਅਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਅਤੇ ਥਾਣਾ ਭਿੱਖੀਵਿੰਡ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਗਲ ਪਾਏ ਹੋਏ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਨਿਸ਼ਾਨ ਸਿੰਘ ਅਤੇ ਨਿਰਵੈਲ ਸਿੰਘ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਦੂਜੀ ਧਿਰ ਨੇ ਕੁਝ ਵੀ ਬੋਲਣ ਤੋਂ ਕੀਤਾ ਇਨਕਾਰ: ਉੱਥੇ ਹੀ ਦੂਜੇ ਪਾਸੇ ਜਦੋਂ ਇਸ ਸਬੰਧੀ ਦੂਜੀ ਧਿਰ ਦੇ ਆਗੂ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ: ਉੱਧਰ ਜਦ ਇਸ ਸਬੰਧੀ ਪੁਲਿਸ ਚੌਕੀ ਸੁਰਸਿੰਘ ਦੇ ਇੰਚਾਰਜ ਐੱਸਆਈ ਨਰੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੋਹੜ ਸਿੰਘ ਅਤੇ ਨਿਸ਼ਾਨ ਸਿੰਘ ਹੋਣਾ ਵਿਚ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜ਼ੁਲਮ ਰੋਕੂ ਕਾਰਵਾਈ ਕੀਤੀ ਹੋਈ ਹੈ ਅਤੇ ਇਸ ਜ਼ਮੀਨ ਤੇ ਪਨਤਾਲੀ ਲਾਈ ਹੋਈ ਹੈ ਅਤੇ ਅੱਜ ਫੇਰ ਬੋਹੜ ਸਿੰਘ ਅਤੇ ਨਿਸ਼ਾਨ ਸਿੰਘ ਹੋਣਾ ਵਿਚ ਝਗੜਾ ਹੋਇਆ ਹੈ ਜਿਸ ਦੀ ਉਹ ਜਾਂਚ ਕਰ ਰਹੇ ਹਨ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੋ ਬੋਹੜ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਦੇ ਗਲ ਪਾਏ ਹੋਏ ਕਕਾਰਾਂ ਦੀ ਬੇਅਦਬੀ ਹੋਈ ਹੈ ਅਤੇ ਦਸਤਾਰ ਲਾਹੀ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ ਜੇ ਸਹੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ; ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ