ਤਰਨਤਾਰਨ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਜਿੱਥੇ ਕਈ ਥਾਵਾਂ 'ਤੇ ਹੜ੍ਹ ਆਏ ਹਨ ਉੱਥੇ ਹੀ ਕਈ ਥਾਵਾਂ 'ਤੇ ਹੜ੍ਹ ਜਿਹੇ ਹਾਲਾਤ ਵੀ ਬਣੇ ਹੋਏ ਹਨ। ਮੰਗਲਵਾਰ ਨੂੰ ਸਤਲੁਜ ਦਰਿਆ ਵਿੱਚ ਹੁਣ ਪਾਣੀ ਦਾ ਪੱਧਰ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਹੜ੍ਹ ਦਾ ਖ਼ਤਰਾ ਤਾ ਟੱਲ ਗਿਆ ਹੈ।ਐੱਨਡੀਆਰਐੱਫ਼ ਦੀਆਂ ਟੀਮਾਂ ਉਨ੍ਹਾਂ ਪਿੰਡਾਂ 'ਚ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਹਨ, ਜਿਹੜੇ ਪਿੰਡ ਹੜ੍ਹ ਦੇ ਪਾਣੀ ਦੀ ਚਪੇਟ 'ਚ ਆਏ ਹੋਏ ਹਨ।
ਬਠਿੰਡਾ ਤੋਂ 10 ਟੀਮਾਂ ਪੰਜਾਬ ਵਿੱਚ ਵੱਖ-ਵੱਖ ਥਾਂਵਾਂ 'ਤੇ ਤੈਨਾਤ ਹਨ, ਜਿਹੜੀ ਕਿ ਹੜ੍ਹ ਵਾਲੇ ਖੇਤਰ ਵਿੱਚ ਲਗਾਤਾਰ ਹੜ੍ਹ ਪੀੜਤਾਂ ਨੂੰ ਆਪਣੀ ਸੇਵਾਵਾਂ ਦੇ ਰਹੀਆਂ ਹਨ। ਕਮਾਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ 10 ਟੀਮਾਂ ਰਾਹਤ ਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ, ਤਰਨ ਤਾਰਨ, ਮੋਗਾ, ਰੋਪੜ ਵਰਗੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 1340 ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ।
ਰਵੀ ਕੁਮਾਰ ਨੇ ਦੱਸਿਆ ਕਿ ਇਸ ਤੋਂ ਇਲਾਵਾ 76 ਪਾਲਤੂ ਜਾਨਵਰਾਂ ਨੂੰ ਵੀ ਜਵਾਨਾਂ ਨੇ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਹਰ ਗਤੀਵਿਧੀ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਮੰਗਲਵਾਰ ਨੂੰ ਵੀ ਤਰਨ ਤਾਰਨ ਮੋਗਾ ਤੋਂ ਕਈ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ।