ਤਰਨਤਾਰਨ: ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਵਾਰ ਦੀ ਘਟਨਾ ਵਾਪਰੀ ਹੈ। ਇਸ ਗੈਂਗਵਾਰ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਕਤਲ ਵਿੱਚ ਸਾਮਲ ਦੋ ਗੈਂਗਸਟਰਾਂ ਦਾ ਕਤਲ ਜੇਲ੍ਹ ਵਿੱਚ ਕਰ ਦਿੱਤਾ ਗਿਆ ਅਤੇ ਇਕ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਦਾ ਤਰਨਤਾਰਨ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਸਪਤਾਲ ਜਾਣ ਤੋ ਪਹਿਲਾ ਹੀ ਦੋ ਗੈਗਸਟਰਾਂ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਪੁਲਿਸ ਇਸ ਦੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਗੈਂਗਸਟਰਾਂ ਵਿੱਚ ਲੜਾਈ ਹੋਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚੋਂ ਇਕ ਗੈਂਗਸਟਰ ਦਾ ਨਾਂ ਮਨਦੀਪ ਤੂਫਾਨ ਹੈ। ਇਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਸੀ। ਦੂਜਾ ਗੈਂਗਸਟਰ ਜਿਸ ਦੀ ਮੌਤ ਹੋਈ ਉਹ ਮਨਮੋਹਣ ਸਿੰਘ ਮੋਹਣਾ ਪੁੱਤਰ ਦਰਸਨ ਸਿੰਘ ਵਾਸੀ ਬੁਢਲਾਡਾ ਦੱਸਿਆ ਜਾ ਰਿਹਾ ਹੈ। ਇਕ ਹੋਰ ਗੈਗਸਟਰ ਜਿਸ ਦਾ ਨਾਂ ਕੇਸ਼ਵ ਹੈ ਉਹ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈ। ਜ਼ਖਮੀ ਗੈਂਗਸਟਰ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤੀ ਗਿਆ ਹੈ।
ਮਨਦੀਪ ਤੂਫਾਨ ਮੂਸੇਵਾਲਾ ਕਤਲ ਕਾਂਡ ਦਾ ਸਟੈਂਡਬਾਏ ਸ਼ੂਟਰ ਸੀ : ਮਨਦੀਪ ਤੂਫਾਨ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਵਾਲੇ ਦਿਨ ਮੌਕੇ ਦੇ ਆਸ-ਪਾਸ ਮੌਜੂਦ ਸੀ। ਗੋਲਡੀ ਬਰਾੜ ਨੇ ਜੱਗੂ ਭਗਵਾਨਪੁਰੀਆ ਦੇ ਖਾਸ ਮਨਦੀਪ ਤੂਫਾਨ ਤੋਂ ਇਲਾਵਾ ਮਨੀ ਰਈਆ ਨੂੰ ਸਟੈਂਡਬਾਏ 'ਤੇ ਰੱਖਿਆ ਹੋਇਆ ਸੀ। ਉਸ ਨੂੰ ਜਗਰੂਪ ਉਰਫ਼ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਕਵਰ ਕਰਨ ਲਈ ਕਿਹਾ ਗਿਆ ਸੀ। ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਤੋਂ ਬਾਅਦ ਮਨਦੀਪ ਤੂਫਾਨ ਦਾ ਨਾਂ ਆਇਆ ਸਾਹਮਣੇ।
ਲੁਧਿਆਣਾ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ: ਪੁਲਿਸ ਅਧਿਕਾਰੀਆਂ ਅਨੁਸਾਰ ਪੁਲੀਸ ਨੇ ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਅਤੇ ਮਨੀ ਰਈਆ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦੋਵੇਂ ਗੈਂਗਸਟਰ ਸੰਦੀਪ ਕਾਹਲੋਂ ਦੇ ਕਾਫੀ ਕਰੀਬੀ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨੀ ਰਈਆ ਨੇ 10 ਦਿਨ ਤੱਕ ਉਸਦੇ ਘਰ ਦੀ ਰੇਕੀ ਕੀਤੀ ਸੀ। ਰੇਕੀ ਕਰਕੇ ਉਹ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਅਤੇ ਉਥੋਂ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਸਾਜ਼ਿਸ਼ ਰਚਦਾ ਸੀ।
ਘਟਨਾ ਤੋਂ ਬਾਅਦ ਰੂਪੋਸ਼ ਹੋ ਗਿਆ ਸੀ: ਘਟਨਾ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਲੁਧਿਆਣਾ ਦੇ ਸੰਦੀਪ ਨਾਲ ਰੂਪੋਸ਼ ਹੋ ਗਏ ਸਨ। ਸੰਦੀਪ ਨੇ ਦੋਵਾਂ ਮੁਲਜ਼ਮਾਂ ਨੂੰ ਲੁਧਿਆਣਾ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਪਨਾਹ ਦਿੱਤੀ ਅਤੇ ਕਈ ਦਿਨਾਂ ਤੱਕ ਇੱਥੇ ਰੱਖਿਆ। ਕੁਝ ਦਿਨ ਲੁਧਿਆਣਾ 'ਚ ਰਹਿਣ ਤੋਂ ਬਾਅਦ ਦੋਵੇਂ ਗੈਂਗਸਟਰ ਮਨਦੀਪ ਸਿੰਘ ਤੂਫਾਨ ਅਤੇ ਮਨੀ ਲੁਧਿਆਣਾ ਛੱਡ ਕੇ ਚਲੇ ਗਏ ਸਨ, ਜਦਕਿ ਪੁਲਸ ਨੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ।