ਤਰਨਤਾਰਨ: ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਇਸਦੇ ਬਾਵਜੂਦ ਵੀ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਨਾਲ ਜਿੱਥੇ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਉੱਥੇ ਹੀ ਦੂਜੇ ਪਾਸੇ ਇਸ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਤਰਨਤਾਰਨ ਦੇ ਪਿੰਡ ਡਲੀਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਪਰਾਲੀ ਨੂੰ ਅੱਗ ਲੱਗਣ ਕਾਰਨ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਪਰਾਲੀ ਨੂੰ ਅੱਗ ਲੱਗੀ ਹੋਣ ਕਾਰਨ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਤਿੰਨ ਕਨਾਲ ਝੋਨੇ ਦੀ ਫਸਲ ਸੜ ਕੇ ਸਵਾਹ ਹੋ ਗਈ। ਮਾਮਲੇ ਸਬੰਧੀ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਖੇਮਕਰਨ ਤੋਂ ਪਿੰਡ ਡੱਲ ਨੂੰ ਵਾਪਸ ਆ ਰਹੇ ਸੀ ਜਦੋਂ ਉਹ ਪਿੰਡ ਡਲੀਰੀ ਵਿਖੇ ਪਹੁੰਚੇ ਤਾਂ ਬਲਜੀਤ ਸਿੰਘ ਤੇ ਸੁਖਦੇਵ ਸਿੰਘ ਵਾਸੀ ਪਿੰਡ ਕੰਬੋਕੇ ਵੱਲੋਂ ਲਗਾਈ ਅੱਗ ਦੀ ਲਪੇਟ ਵਿੱਚ ਆ ਗਏ। ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸਵਾਰ ਸੜ ਕੇ ਸੁਆਹ ਹੋ ਗਿਆ ਜਦਕਿ ਉਨ੍ਹਾਂ ਦੇ ਹੱਥ ਪੈਰ ਵੀ ਸੜ ਗਏ। ਇਸ ਤੋਂ ਇਲਾਵਾ ਇੱਕ ਵਿਅਕਤੀ ਗੁਰਵਿੰਦਰ ਸਿੰਘ ਦੀ 3 ਕਨਾਲ ਝੋਨਾ ਤੇ 35 , 40 ਕਿੱਲੇ ਝੋਨੇ ਦਾ ਨਾੜ ਵੀ ਸੜ ਗਿਆ ਹੈ।
ਪੀੜਤ ਵਿਅਕਤੀ ਨੇ ਇਨਸਾਫ ਦੀ ਮੰਗ ਕਰਦੇ ਹੋਏ ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਦੂਜੇ ਪਾਸੇ ਇਸ ਸਬੰਧੀ ਜਦੋਂ ਤਰਨਤਾਰਨ ਦੇ ਏਡੀਸੀ ਰਜਤ ਉਬਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ। ਨਾਲ ਹੀ ਕਿਹਾ ਕਿ ਜਾਂਚ ਅਧੀਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਹਰੀਸ਼ ਚੌਧਰੀ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋਏ ਕਾਂਗਕਸ ਪਾਰਟੀ ਦੀ ਮੀਟਿੰਗ 'ਚ ਸ਼ਾਮਲ