ਤਰਨਤਾਰਨ: ਪਾਕਿਸਤਾਨ ਸਰਹੱਦ ਤੋਂ ਲਗਾਤਾਰ ਨਸ਼ਾ ਬਰਾਮਦ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਇਸ ਤਰ੍ਹਾਂ ਦੀ ਘਟਨਾ ਹੀ ਤਰਨਤਾਰਨ ਸਰਹੱਦੀ ਖੇਤਰ ਤੋਂ ਸਾਹਮਣੇ ਆਈ ਹੈ। ਬੀਓਪੀ ਹਵੇਲੀਆਂ (ਭਾਰਤ-ਪਾਕਿ ਸਰਹੱਦ) ਤੋਂ 3.790 ਕਿਲੋਗ੍ਰਾਮ ਹੈਰੋਇਨ (ਕਰੀਬ 18 ਕਰੋੜ ਰੁਪਏ) ਦੇ ਪੰਜ ਪੈਕੇਟ ਬਰਾਮਦ ਕੀਤੇ ਗਏ ਹਨ।
ਬੀਐਸਐਫ ਅਤੇ ਸਥਾਨਕ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਇਹ ਖੇਪ ਪੇਂਡੂ ਕਿਸਾਨ ਦੇ ਖੇਤ ਚੋਂ ਮਿਲੀ ਹੈ। ਖੇਪ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਕਿਸਮ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸਿਓਂ ਕੁਝ ਸ਼ੱਕੀ ਆਵਾਜ਼ਾਂ ਸੁਣਾਈ ਦਿੱਤੀਆਂ।
ਸੋਮਵਾਰ ਸਵੇਰੇ 7.30 ਵਜੇ ਤੋਂ 12.30 ਵਜੇ ਤੱਕ ਪੁਲਿਸ ਅਤੇ ਬੀਐਸਐਫ ਦੀ ਤਲਾਸ਼ੀ ਮੁਹਿੰਮ ਚਲੀ। ਇਸ ਦੀ ਪੁਸ਼ਟੀ ਡੀਐਸਪੀ ਬਲਜਿੰਦਰ ਸਿੰਘ ਨੇ ਕੀਤੀ। ਜਾਣਕਾਰੀ ਮੁਤਾਬਕ ਪੰਜਾਬ ਦੀ ਭਾਰਤ-ਪਾਕਿ ਸਰਹੱਦ 'ਤੇ ਦੁਸ਼ਮਣ ਹਮੇਸ਼ਾ ਹੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਰਹਿੰਦਾ ਹੈ।
ਇਸ ਵਾਰ ਤਰਨਤਾਰਨ ਦੀ ਬੀਓਪੀ ਹਵੇਲੀਆਂ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸਿਓਂ ਕਿਸਾਨ ਦੇ ਖੇਤ 'ਚ ਹੈਰੋਇਨ ਦੇ ਪੰਜ ਪੈਕਟ (3.790 ਕਿਲੋ) ਛੁਪਾਏ ਗਏ ਸਨ। ਭਾਰਤੀ ਖੇਤਰ 'ਚ ਬੀਐਸਐਫ ਨੇ ਸਰਹੱਦ ਦੇ ਨੇੜੇ ਸਾਂਝੇ ਤੌਰ 'ਤੇ ਆਪਰੇਸ਼ਨ ਚਲਾਇਆ ਜਿਸ ਅਪਰੇਸ਼ਨ 'ਚ ਕਾਲੇ ਰੰਗ ਦੇ ਪੰਜ ਪੈਕਟ ਬਰਾਮਦ ਹੋਏ। ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਇਸ ਦੀ ਕੁੱਲ ਕੀਮਤ 18 ਕਰੋੜ ਦੱਸੀ ਜਾ ਰਹੀ ਹੈ।
ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਹੈਰੋਇਨ ਕਿਵੇਂ ਆਈ ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਮੁੱਢਲੀ ਜਾਂਚ 'ਚ ਭਾਰਤ-ਪਾਕਿ ਸਮੱਗਲਰਾਂ ਵਿਚਾਲੇ ਸਬੰਧ ਦੱਸੇ ਜਾ ਰਹੇ ਹਨ। ਭਾਰਤ 'ਚ ਪਾਕਿਸਤਾਨ ਦੇ ਇਸ਼ਾਰੇ 'ਤੇ ਤਸਕਰੀ ਦਾ ਕੰਮ ਕਰਨ ਵਾਲਿਆਂ ਖਿਲਾਫ ਏਜੰਸੀਆਂ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਇਸ ਖੇਪ ਦੇ ਅਸਲ ਦੋਸ਼ੀ ਤੱਕ ਪਹੁੰਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:- ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ