ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਨੇੜਿਓ ਖਾਲੜਾ ਪੁਲਿਸ 'ਤੇ ਬੀ.ਐੱਸ.ਐੱਫ. ਵੱਲੋਂ ਮੁਹਿੰਮ ਚਲਾਈ ਗਈ। ਇਸ ਦੌਰਾਨ 3 ਕਿੱਲੋ 834 ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
2 ਪੈਕਟ ਹੈਰੋਇਨ ਬਰਾਮਦ: ਇਸ ਮੌਕੇ ਬਰਾਮਦ ਕੀਤੀ ਗਈ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਸਰਹੱਦ ਨਜ਼ਦੀਕ ਮੌਜੂਦ ਪਿੰਡ ਡੱਲ ਵਿਖੇ ਗੁਰਸੇਵਕ ਸਿੰਘ ਦੀ ਜ਼ਮੀਨ 'ਤੇ 2 ਪੈਕਟ ਹੈਰੋਇਨ ਸੁੱਟੇ ਗਏ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 2 ਪੈਕਟ ਹੈਰੋਇਨ ਦੇ ਬਰਾਮਦ ਕਰ ਲਏ ਗਏ ਹਨ।
ਅਗਲੇਰੀ ਜਾਂਚ ਸ਼ੁਰੂ: ਪੈਕਟਾਂ ਦਾ ਵਜ਼ਨ ਕਰਨ ਉਪਰੰਤ ਉਨ੍ਹਾਂ 'ਚੋਂ 3 ਕਿੱਲੋ, 834 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਬੀ.ਐੱਸ.ਐੱਫ 'ਤੇ ਖਾਲੜਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੁੱਲ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆ 'ਤੇ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ । ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਲਗਾਤਾਰ ਹੀ ਭਾਰਤ ਸਰਹੱਦ ਅੰਦਰ ਹੈਰੋਇਨ 'ਤੇ ਅਸਲਾ ਭੇਜਿਆ ਜਾ ਰਿਹਾ ਹੈ । ਪ੍ਰੰਤੂ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ 'ਤੇ ਤਰਨਤਾਰਨ ਪੁਲਿਸ ਵੱਲੋਂ ਪਾਕਿਸਤਾਨ ਦੇ ਨਾਪਾਕ ਇਰਾਦਿਆ 'ਤੇ ਪਾਣੀ ਫੇਰਿਆ ਜਾ ਰਿਹਾ ਹੈ।