ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਘਰਿਆਲਾ ਵਿਖੇ 40 ਤੋਂ 50 ਨੌਜਵਾਨਾਂ ਵੱਲੋਂ ਘਰ ਦੀ ਭੰਨ ਤੋੜ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਸ ਝੱੜਪ 'ਚ ਇੱਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਹੈ।
ਮਾਮਲੇ 'ਤੇ ਚਾਨਣਾ ਪਾਉਂਦਿਆਂ ਹਸਪਤਾਲ 'ਚ ਜੇਰੇ ਇਲਾਜ ਲਵਪ੍ਰੀਤ ਸਿੰਘ ਉਰਫ਼ ਲਵਲੀ ਨੇ ਦੱਸਿਆ ਕਿ ਜਦੋਂ ਉਹ ਖੇਡ ਮੈਦਾਨ 'ਚੋਂ ਫੁੱਟਬਾਲ ਖੇਡ ਕੇ ਘਰ ਪਰਤ ਰਿਹਾ ਸੀ ਤਾਂ ਪਿੰਡ ਘਰਿਆਲਾ ਸਟੇਸ਼ਨ ਚੌਂਕ 'ਤੇ ਪਹਿਲਾਂ ਤੋਂ ਹੀ ਮੌਜੂਦ ਜੋਗਾ ਸਿੰਘ ਅਤੇ ਉਸ ਦੇ ਨਾਲ 40-50 ਵਿਅਕਤੀ ਹਥਿਆਰ ਹਥਿਆਰ ਲੈ ਖੜ੍ਹੇ ਸਨ। ਲਵਲੀ ਨੇ ਅੱਗੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਵਿਅਕਤੀ ਉਸ ਦੇ ਗੱਲ ਪੈ ਗਏ ਜਿਸ ਕਾਰਨ ਉਸ ਨੂੰ ਕਈ ਸੱਟਾਂ ਵੀ ਲੱਗੀਆਂ। ਉਸ ਨੇ ਅੱਗੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਪਰ ਵਿਰੋਧੀ ਧਿਰ ਨੇ ਉਸ ਦਾ ਘਰ ਤੱਕ ਪਿੱਛਾ ਕੀਤਾ ਅਤੇ ਘਰ ਪਹੁੰਚ ਉਸ ਦੇ ਘਰ ਦੀ ਭੰਨ ਤੋੜ ਕੀਤੀ।
ਦੂਜੇ ਪਾਸੇ ਮਾਰਕੁੱਟ ਕਰਨ ਵਾਲੇ ਗਿਰੋਹ ਦੇ ਵਿਅਕਤੀ ਜੋਗਾ ਸਿੰਘ ਨੇ ਲਵਪ੍ਰੀਤ ਸਿੰਘ ਦੇ ਇਨ੍ਹਾਂ ਸਾਰੇ ਬਿਆਨਾਂ ਨੂੰ ਨਕਾਰ ਦਿੱਤਾ ਹੈ ਅਤੇ ਉਲਟਾ ਲਵਪ੍ਰੀਤ 'ਤੇ ਹੀ ਦੋਸ਼ ਲਾ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਕੋਈ ਪੁਖ਼ਤਾ ਸਬੂਤ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਦਿਨੋਂ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹੀਆਂ ਘਟਨਾਵਾਂ ਜਿੱਥੇ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰਦੀਆਂ ਹਨ ਉੱਥੇ ਹੀ ਸਮਾਜ ਦੇ ਲੋਕਾਂ 'ਚ ਦਿਨੋਂ ਦਿਨ ਘੱਟਦੀ ਜਾ ਰਹੀ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਦਰਸਾਉਂਦੀਆਂ ਹਨ।