ਤਰਨਤਾਰਨ: ਥਾਣਾ ਹਰੀਕੇ ਦੇ ਪਿੰਡ ਬੂਹ ਹਵੇਲੀਆਂ ਵਿਖੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਗੈਰ-ਕਾਨੂੰਨੀ ਰੇਤ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਗੈਰ-ਕਾਨੂੰਨੀ ਧੰਦੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਵੱਖ-ਵੱਖ ਪਿੰਡਾਂ ਦੇ ਆਗੂਆਂ ਨੂੰ ਨਾਲ ਲੈ ਕੇ ਪੱਕਾ ਮੋਰਚਾ ਲਗਾਇਆ ਹੈ।
ਇਸ ਮੌਕੇ 'ਤੇ ਦਰਜਨਾਂ ਪਿੰਡਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਇਹ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਪੱਕੇ ਤੌਰ 'ਤੇ ਬੰਦ ਕਰਵਾ ਕੇ ਕਿਸਾਨਾਂ ਦੇ ਸੋਨੇ ਨੂੰ ਲੁੱਟਣ ਤੋਂ ਬਚਾਇਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਰੇਤ ਮਾਫੀਆ ਕਲਚਰ ਖ਼ਤਮ ਕਰਕੇ ਰੇਤ ਵੇਚਣ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ਤਾਂ ਜੋ ਆਰਥਿਕ ਕਮਜ਼ੋਰੀ ਝੱਲ ਰਹੇ ਕਿਸਾਨਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਇਆ ਜਾ ਸਕੇ।