ਤਰਨਤਾਰਨ: ਬੀਤੇ ਦਿਨ ਦਿੱਲੀ ਦੇ ਸਿੰਘੂ ਬਾਰਡਰ 'ਤੇ ਜ਼ਿਲ੍ਹੇ ਦੇ ਪਿੰਡ ਡੱਲ ਦੇ ਕਿਸਾਨ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਸੀ। ਅੱਜ ਮ੍ਰਿਤਕ ਕਿਸਾਨ ਦਾ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੇ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਕਿਸਾਨ ਆਗੂਆ ਨੇ ਕਿਹਾ ਕਿ ਕਿਸਾਨ ਸਿੰਘੂ ਬਾਰਡਰ ਮੋਰਚੇ ਵਿੱਚ ਡਟੇ ਹੋਏ ਹਨ ਪਰ ਮੋਦੀ ਸਰਕਾਰ ਮੰਗਾਂ ਮੰਨਣ ਦੀ ਥਾਂ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਉੱਤੇ ਜ਼ੁਲਮ ਢਾਹ ਰਹੀ ਹੈ।
ਜ਼ਖ਼ਮੀ ਕਿਸਾਨਾਂ ਦਾ ਕਹਿਣਾ ਕੇਂਦਰ ਸਰਕਾਰ ਦੀ ਸ਼ਹਿ ’ਤੇ ਹੋਇਆ ਹਮਲਾ
ਇਸ ਦੇ ਚੱਲਦਿਆਂ 28/29 ਜਨਵਰੀ ਨੂੰ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਅੰਦੋਲਨਕਾਰੀਆਂ ਉੱਤੇ ਪੁਲਿਸ ਅਤੇ ਗੁੰਡਾ ਅਨਸਰਾਂ ਵੱਲੋਂ ਪੈਟਰੋਲ ਬੰਬ, ਅੱਥਰੂ ਗੈਸ, ਇੱਟਾਂ-ਪੱਥਰ ਅਤੇ ਲਾਠੀਆਂ ਨਾਲ ਹਮਲਾ ਕਰਕੇ ਖਦੇੜਨ ਦਾ ਕੋਝਾ ਯਤਨ ਕੀਤਾ ਗਿਆ, ਜੋ ਸਫਲ ਨਹੀਂ ਹੋ ਸਕਿਆ।
ਕਿਸਾਨ ਜੋਗਿੰਦਰ ਸਿੰਘ ’ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਚਾ ਰਹੀ ਸੀ ਦਿੱਲੀ ਪੁਲਿਸ
ਇਸ ਹਮਲੇ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚ ਹੀ ਪਿੰਡ ਡੱਲ ਤੋਂ ਕਿਸਾਨ ਜੋਗਿੰਦਰ ਸਿੰਘ ਵੀ ਸ਼ਾਮਲ ਸੀ। ਜੋਗਿੰਦਰ ਸਿੰਘ ਦੀ ਦੋ ਫਰਵਰੀ ਨੂੰ ਦੇਰ ਰਾਤ ਤਬੀਅਤ ਜ਼ਿਆਦਾ ਵਿਗੜਨ ਕਾਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਇਲਾਜ ਦੌਰਾਨ ਦਮ ਤੋੜ ਦਿੱਤਾ। ਸਸਕਾਰ ਮੌਕੇ ਮੌਜੂਦ ਕਿਸਾਨ ਆਗੂਆਂ ਨੇ ਸਰਕਾਰ ਅੱਗੇ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ।