ਤਰਨ ਤਾਰਨ: 2019 ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੌਜੂਦਾ ਸੀਐਮ ਭਗਵੰਤ ਮਾਨ ਨੂੰ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਵਿੱਚ ਕਈ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਤਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੇ ਨਾਂ ’ਤੇ ਕਈ ਐਲਾਨ ਕੀਤੇ ਸਨ ਪਰ ਬਦਕਿਸਮਤੀ ਦੇ ਨਾਲ ਇਹ ਐਲਾਨ ਸਰਕਾਰ ਦੇ ਸਰਕਾਰੀ ਫਾਇਲਾਂ ਦੇ ਵਿੱਚ ਹੀ ਦਬ ਕੇ ਰਹਿ ਗਏ ਤੇ ਪਰਿਵਾਰ ਅੱਜ ਵੀ ਸਰਕਾਰ ਦੇ ਐਲਾਨ ਨੂੰ ਹਕੀਕਤ ਵਿੱਚ ਵੇਖਣਾ ਚਾਹੁੰਦੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਹਮਲੇ ਦੇ ਵਿੱਚ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਬਲਾਕ ਦੇ ਪਿੰਡ ਗੰਡੀਵਿੰਡ ਦੇ ਸੁਖਜਿੰਦਰ ਸਿੰਘ ਵੀ ਸ਼ਹੀਦ ਹੋ ਗਏ ਸਨ। ਪਰਿਵਾਰ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹੀਦ ਦੇ ਪਰਿਵਾਰ ਕੋਲ ਪਹੁੰਚੇ ਸਨਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਉਨ੍ਹਾਂ ਵੱਲੋਂ ਦਿੱਤਾ ਗਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਵੱਲੋਂ ਸ਼ਹੀਦ ਦੀ ਯਾਦ ਦੇ ਵਿੱਚ ਇੱਕ ਖੇਡ ਸਟੇਡੀਅਮ ਬਣਾਉਣ ਦੇ ਵਾਸਤੇ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਪਰ ਬੜੇ ਦੁੱਖ ਵਾਲੀ ਗੱਲ ਹੈ ਕਿ 20 ਲੱਖ ਰੁਪਏ ਦੀ ਲਾਗਤ ਨਾਲ ਛੋਟੀ ਜੀ ਸਟੇਜ ’ਤੇ ਪੋੜੀਆਂ ਬਣਿਆ ਦਿਖਾਈ ਦੇ ਰਹੀਆਂ ਹਨ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਸਰਕਾਰ ਵੱਲੋਂ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਵੀ ਮਾਫ਼ ਨਹੀਂ ਕੀਤਾ ਗਿਆ। ਇਸ ਦੌਰਾਨ ਉਨ੍ਹਾ ਬਿੱਲ ਮਾਫ ਕਰਨ , ਗੈਸ ਏਜੰਸੀ ਜਾਂ ਪਟਰੋਲ ਪੰਪ ਅਲਾਟ ਕਰਨ, ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਸਮੇਤ ਕੁਝ ਹੋਰ ਐਲਾਨ ਕੀਤੇ ਸਨ ਜਿੰਨ੍ਹਾਂ ਵਿਚੋਂ ਉਕਤ ਕੀਤੇ ਗਏ ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ।
ਸ਼ਹੀਦ ਦੇ ਪਿਤਾ,ਪਤਨੀ ਅਤੇ ਭਰਾ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਕੋਲੋਂ ਮੰਗ ਕੀਤੀ ਹੈ ਕੀ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਅਤੇ ਸਟੇਡੀਅਮ ਬਣਾਉਣ ਵਿਚ ਲੱਗੇ ਪੈਸਿਆਂ ਦਾ ਹਿਸਾਬ ਅਧਿਕਾਰੀਆਂ ਕੋਲੋਂ ਲਿਆ ਜਾਵੇ। ਸ਼ਹੀਦ ਪਰਿਵਾਰ ਦੇ ਹੱਕ ਵਿੱਚ ਬੋਲਦਿਆਂ ਪਿੰਡ ਵਾਸੀਆਂ ਵੱਲੋਂ ਵੀ ਸਰਕਾਰਾਂ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦਿਆਂ ਉੱਪਰ ਸਵਾਲ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਪਰਿਵਾਰ ਦੀ ਹਰ ਮੱਦਦ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਜਬਰਜ਼ਨਾਹ ਮਾਮਲੇ ’ਚ ਸਿਮਰਜੀਤ ਬੈਂਸ ਦੇ ਭਰਾ ਦਾ ਮੁੜ ਮਿਲਿਆ 2 ਦਿਨ ਦਾ ਰਿਮਾਂਡ