ਤਰਨਤਾਰਨ: ਥਾਣਾ ਹਰੀਕੇ ਦੇ ਪਿੰਡ ਰੱਤਾ ਗੁੱਦਾ 'ਚ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਅਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪਿਓ-ਪੁੱਤ 'ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਗੰਭੀਰ ਜ਼ਖ਼ਮੀ ਹਨ ਜੋ ਕਿ ਸਰਕਾਰੀ ਹਸਪਤਾਲ ਪੱਟੀ 'ਚ ਜ਼ੇਰੇ ਇਲਾਜ ਹਨ।
ਜ਼ਖ਼ਮੀਆਂ ਦੀ ਪਛਾਣ ਅਵਤਾਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਰੱਤਾ ਗੁੱਦਾ ਦੇ ਰਹਿਣ ਵਾਲੇ ਹਨ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਿਓ ਅਵਤਾਰ ਸਿੰਘ ਨਾਲ ਖੇਤਾਂ ਵਿਚ ਰੇਹੜੀ 'ਤੇ ਪਸ਼ੂਆਂ ਲਈ ਚਾਰਾ ਲੈਣ ਗਏ ਅਤੇ ਵਾਪਸ ਆਉਣ ਸਮੇਂ ਹਰੀਕੇ ਦੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਅਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਆਪਣੀ ਗੱਡੀ ਉਨ੍ਹਾਂ ਦੀ ਰੇਹੜੀ ਅੱਗੇ ਖੜ੍ਹੀ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਉਨ੍ਹਾਂ ਨੂੰ ਰੇਹੜੀ ਦੀ ਤਲਾਸ਼ੀ ਕਰਵਾਉਣ ਲਈ ਕਿਹਾ ਅਤੇ ਉਹ ਤਲਾਸ਼ੀ ਲਈ ਰਾਜ਼ੀ ਹੋ ਗਏ। ਉੱਥੇ ਉਨ੍ਹਾਂ ਨੇ ਪਿਓ-ਪੁੱਤ ਤੇ ਸ਼ਰਾਬ ਵੇਚਣ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਖੱਬੇ ਹੱਥ 'ਤੇ ਦਾਤਰ ਨਾਲ ਕਈ ਵਾਰ ਕੀਤੇ। ਇੰਨਾ ਹੀ ਨਹੀਂ ਉਨ੍ਹਾਂ ਉਸ ਦੇ ਪਿਓ ਉੱਪਰ ਵੀ ਗੱਡੀ ਚੜ੍ਹਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਕਰਕੇ ਉਸ ਦੀ ਬਾਂਹ ਅਤੇ ਲੱਤ 'ਤੇ ਕਈ ਸੱਟਾਂ ਲੱਗੀਆਂ। ਉਨ੍ਹਾਂ ਦੇ ਜਦੋਂ ਰੌਲਾ ਪਾਇਆ ਤਾਂ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀਆਂ ਦੇ ਘਰਦਿਆਂ ਨੇ ਇਲਾਜ ਲਈ ਦੋਹਾਂ ਨੂੰ ਸਰਕਾਰੀ ਹਸਪਤਾਲ ਪੱਟੀ 'ਚ ਦਾਖਲ ਕਰਵਾਇਆ ਅਤੇ ਇਸ ਘਟਨਾ ਸਬੰਧੀ ਹਰੀਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਨੇ ਵੀ ਆਪਣੇ ਇੱਕ ਵਿਆਕਤੀ ਸੁਖਜਿੰਦਰ ਸਿੰਘ ਦੇ ਜ਼ਖਮੀ ਹੋਣ ਦੀ ਗੱਲ ਕਹੀ ਹੈ ਜੋ ਕਿ ਘਰਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਇਸ ਸਬੰਧੀ ਹਰੀਕੇ ਦੇ ਥਾਣਾ ਮੁੱਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਦੋਹਾਂ ਧਿਰਾਂ ਦੇ ਵਿਅਕਤੀ ਜ਼ਖਮੀ ਹੋਏ ਹਨ। ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।