ਤਰਨਤਾਰਨ: ਗੁਰਦਾਸਪੁਰ ਦੇ ਬਟਾਲਾ ਵਿਖੇ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਹੁਣ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਇੱਕ ਖਾਲੀ ਪਲਾਟ ਵਿੱਚ ਦੇਰ ਰਾਤ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 2 ਲੋਕਾਂ ਦੀ ਮੌਤ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਖਾਲੀ ਪਲਾਟ ਵਿੱਚ ਬੀਤੀ ਰਾਤ 3 ਲੋਕਾਂ ਵੱਲੋਂ ਖੁਦਾਈ ਕਰਦੇ ਸਮੇਂ ਇਹ ਧਮਾਕਾ ਹੋਇਆ ਹੈ। ਡੀਐੱਸਪੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਰਵਿੰਦਰ ਪਾਲ ਸਿੰਘ ਢਿੱਲੋਂ, ਥਾਣਾ ਸਦਰ ਦੇ ਐਡੀਸ਼ਨਲ ਇੰਚਾਰਜ ਹਰਸ਼ਾ ਸਿੰਘ ਮੌਕੇ 'ਤੇ ਪੁੱਜੇ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਬਚੜੇ, ਵਿਕਰਮ ਸਿੰਘ ਵਿੱਕੀ ਵਾਸੀ ਪਿੰਡ ਕਦਗਿਲ ਵਜੋਂ ਕੀਤੀ ਗਈ ਹੈ। ਜਦਕਿ ਗੰਭੀਰ ਰੂਪ 'ਚ ਜ਼ਖਮੀ ਨੌਜਵਾਨ ਗੁਰਜੰਟ ਸਿੰਘ ਜੰਟਾ ਬਚੜੇ ਦਾ ਰਹਿਣ ਵਾਲਾ ਹੈ।
ਪੁਲਿਸ ਸੂਤਰਾਂ ਮੁਤਾਬਕ, ਖੇਤ 'ਚ ਬੰਬਨੁਮਾ ਚੀਜ਼ ਨੂੰ ਦਬਾਇਆ ਗਿਆ ਸੀ, ਜਿਸ ਨੂੰ ਕੱਢਦੇ ਸਮੇਂ ਇਹ ਧਮਾਕਾ ਹੋਇਆ। ਡੀਐੱਸਪੀ ਢਿੱਲੋਂ ਨੇ ਕਿਹਾ ਕਿ ਫਿੰਗਰਪ੍ਰਿੰਟ ਮਾਹਿਰਾਂ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਮੁਤਾਬਿਕ ਇਹ ਵਿਸਫੋਟਕ ਧਮਾਕਾ ਸੀ ਜਿਸਦੀ ਅਵਾਜ਼ ਦੂਰ ਤੱਕ ਸੁਣਾਈ ਦਿੱਤੀ।