ਤਰਨ ਤਾਰਨ: ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਨਾਂਅ ਐਲਾਨ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਪਾਰਟੀ ਨੇ ਅਜੇ ਤੱਕ ਸਿਰਫ਼ ਇੱਕ ਨਾਂਅ ਹੀ ਐਲਾਨਿਆ ਹੈ। ਸੁਖਬੀਰ ਬਾਦਲ ਨੇ ਬਾਕੀ ਲਿਸਟ ਅਗਲੇ ਮਹੀਨੇ ਜਾਰੀ ਕਰਨ ਦੀ ਗੱਲ ਆਖੀ ਹੈ।
ਵਰਕਰਾਂ ਨਾਲ ਹੰਗਾਮੀ ਮੀਟਿੰਗ
ਤਰਨ ਤਾਰਨ 'ਚ ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨਾਲ ਹੰਗਾਮੀ ਮੀਟਿੰਗ ਕੀਤੀ ਤੇ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਬੀਬੀ ਜਗੀਰ ਕੌਰ ਦੇ ਨਾਂਅ 'ਤੇ ਮੁਹਰ ਲਾਈ। ਇਸ ਦੌਰਾਨ ਉਨ੍ਹਾਂ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਦਾਅਵਾ ਕੀਤਾ ਕਿ ਕਾਂਗਰਸ ਨੂੰ ਲੋਕ ਸਭਾ ਚੋਣਾਂ 'ਚ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਸੁਖਬੀਰ ਦਾ ਸਰਕਾਰ 'ਤੇ ਨਿਸ਼ਾਨਾ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਸੂਬੇ ਵਿਚ ਸੱਤਾ ਪ੍ਰਾਪਤ ਕੀਤੀ ਹੈ ਤੇ ਅੱਜ ਪੰਜਾਬ ਦੇ ਲੋਕਾ ਦਾ ਕਾਂਗਰਸ ਦੀ ਸਰਕਾਰ ਤੋਂ ਮੋਹ ਪੂਰੀ ਤਰਾ ਭੰਗ ਹੋ ਚੁੱਕਾ ਹੈ। ਉਹਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ ਵਿਚ ਨਸ਼ਾ ਜੜ੍ਹ ਤੋਂ ਖ਼ਤਮ ਕਰਨਗੇ। ਪਰ ਪੰਜਾਬ ਦੇ ਨੌਜਵਾਨ ਬੇਰੁਜਗਾਰੀ ਕਾਰਨ ਨਸ਼ਿਆਂ ਦੇ ਦਲਦਲ ਵਿਚ ਧਸਦੇ ਜਾ ਰਹੇ ਹਨ।
'ਗ਼ਲਤ ਨੀਤੀਆਂ ਕਾਰਨ ਕਿਸਾਨ ਕਰ ਰਹੇ ਖ਼ੁਦਕੁਸ਼ੀ'
ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਗ਼ਲਤ ਨੀਤੀਆਂ ਤੋ ਦੁੱਖੀ ਹੋ ਕੇ ਸੈਂਕੜੇ ਕਿਸਾਨ ਖੁਦਖੁਸ਼ੀਆ ਕਰ ਰਹੇ ਹਨ। ਕਾਂਗਰਸੀ ਆਗੂ ਤੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ 'ਤੇ ਝੁੱਠੇ ਕੇਸ ਦਰਜ ਕਰਵਾ ਰਹੇ ਹਨ।
ਬੀਬੀ ਜਗੀਰ ਕੌਰ ਦੇ ਸਵਾਲ
ਬੀਬੀ ਜਗੀਰ ਕੌਰ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ ਵਿੱਚੋ ਨਸ਼ਾ ਖਤਮ ਹੋ ਜਾਣ ਦੇ ਦਾਅਵੇ ਕਰ ਰਹੀ ਹੈ ਤਾਂ ਪੱਟੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਉਹ ਕਿਥੋ ਆਈ? ਉਹਨਾ ਨੇ ਕਿਹਾ ਜਿਹੜਾ ਵਿਅਕਤੀ ਹੈਰੋਇਨ ਸਮੇਤ ਗ੍ਰਿਫਤਾਰ ਹੋਇਆ ਹੈ ਉਹ ਵੀ ਕਾਂਗਰਸੀ ਆਗੂ ਦੱਸਿਆ ਜਾ ਰਿਹਾ ਹੈ। ਉਸਦੀ ਕੱਲ੍ਹ ਹੀ ਸ਼ੋਸ਼ਲ ਮੀਡੀਆ ਤੇ ਫੋਟੋਆ ਵਾਇਰਲ ਹੋਈਆ ਹਨ। ਇਸ ਮੀਟਿੰਗ ਚ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੀ ਮੌਜੂਦ ਸਨ।