ਤਰਨ ਤਾਰਨ: ਸਥਾਨਕ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਵੱਲੋਂ ਕੀਤੀ ਗੁੰਡਾਗਰਦੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਧਰਨਾ ਦਿੱਤਾ। ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਦੇਰ ਸ਼ਾਮ ਭਿੱਖੀਵਿੰਡ ਦੇ ਮੇਨ ਚੌਕ ਵਿੱਚ ਅਕਾਲੀ ਦਲ ਨੇ ਧਰਨਾ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਬੁਰੀ ਤਰ੍ਹਾਂ ਬੁਖਲਾਹਟ ਵਿੱਚ ਹਨ।
ਉਨ੍ਹਾਂ ਨੂੰ ਸਪੱਸ਼ਟ ਆਪਣੀ ਹਾਰ ਨਜ਼ਰ ਆ ਰਹੀ ਹੈ, ਜਿਸ ਕਾਰਨ ਉਹ ਇਹ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੂੰ ਚੋਣ ਰਿਟਰਨਿੰਗ ਅਫ਼ਸਰ ਨੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਕਿਸੇ ਮੇਜਰ ਗਲਤੀ ਤੋਂ ਬਿਨਾਂ ਮੈਂ ਕਿਸੇ ਦੇ ਨਾਮਜ਼ਦਗੀ ਪੱਤਰ ਰੱਦ ਨਹੀਂ ਕਰਨੇ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਐਲਾਨੇ ਉਮੀਦਵਾਰਾਂ ਨੇ ਵਿਧਾਇਕ ਨੂੰ ਚੋਣਾਂ ਲੜਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ।
ਇਸ 'ਤੇ ਮੌਜੂਦਾ ਵਿਧਾਇਕ ਨੇ ਤਰਲੇ ਮਿੰਨਤਾਂ ਕਰਕੇ ਆਪਣੀ ਇੱਜਤ ਬਚਾਈ ਅਤੇ ਰਾਤੋ ਰਾਤ ਸਕੀਮ ਬਣਾਈ ਕਿ ਕਿਸੇ ਹੋਰ ਉਮੀਦਵਾਰ ਨੂੰ ਕਾਗਜ਼ ਦਾਖ਼ਲ ਹੀ ਨਹੀਂ ਕਰਨ ਦੇਣੇ। ਇਸ ਕਾਰਨ ਪੁਲਿਸ ਪ੍ਰਸ਼ਾਸਨ ਨੇ ਵੀ ਹਲਕਾ ਵਿਧਾਇਕ ਦੀ ਸ਼ਹਿ 'ਤੇ ਸਵੇਰ ਸਮੇਂ ਕਾਂਗਰਸੀ ਵਰਕਰਾਂ ਦਾ ਸਾਥ ਦਿੱਤਾ। ਇਸ ਦਾ ਨਤੀਜਾ ਅੱਜ ਭਿੱਖੀਵਿੰਡ ਵਾਸੀਆਂ ਕਾਂਗਰਸੀ ਵਰਕਰਾਂ ਦੀ ਗੁੰਡਾਗਰਦੀ ਦੇ ਰੂਪ ਵਿਚ ਵੇਖਿਆ।