ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ (Heavy rain) ਪੈ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਨਾਲ ਹੀ ਉਨ੍ਹਾਂ ਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਰਕੇ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਮੀਂਹ ਸੇਮ ਦੇ ਇਲਾਕੇ ਵਾਲੇ ਕਿਸਾਨਾਂ ਲਈ ਹੋਰ ਵੀ ਵਧੇਰੇ ਚਿੰਤਾਜਨਕ ਹੈ।
ਪਿਛਲੇ ਦਿਨੀਂ ਲਗਾਤਾਰ ਹੋਈ ਬਰਸਾਤ ਕਾਰਨ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਨਜਦੀਕ ਪੈਂਦੇ ਪਿੰਡ ਵੜਿੰਗ ਵਿਖੇ ਬਣਿਆ ਸੇਮਨਾਲਾ ਬਰਸਾਤ ਦੇ ਪਾਣੀ ਨਾਲ ਢਹਿ ਢੇਰੀ ਹੋ ਗਿਆ। ਜਿਕਰਯੋਗ ਹੈ ਕਿ ਇਸ ਸੇਮਨਾਲੇ ਦੀ ਮਰੁੰਮਤ ਲਈ ਲੱਖਾਂ ਰੁਪਏ ਦੇ ਗੱਟੇ ਲਗਾਏ ਗਏ ਸਨ। ਮੀਂਹ ਕਾਰਨ ਇਹ ਗੱਟੇ ਸੇਮ ਨਾਲੇ ਦੇ ਪਾਣੀ ਵਿੱਚ ਰੁੜ੍ਹ ਗਏ ਅਤੇ ਬੰਨ੍ਹ ਲੱਗਣ ਕਾਰਨ ਸਾਰਾ ਪਾਣੀ ਖੇਤਾਂ ਵਿਚ ਦਾਖ਼ਲ ਹੋ ਗਿਆ। ਜਿਸ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਓਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨੂੰ ਇਹਨਾਂ ਗੱਟਿਆ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਫਾਇਦਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਡਾ ਪਿੰਡ ਵੜਿੰਗ ਪਹਿਲਾਂ ਹੀ ਸੇਮ ਦੀ ਮਾਰ ਝੱਲ ਰਿਹਾ ਹੈ ਅਤੇ ਜ਼ਿਆਦਾ ਪਾਣੀ ਹੋਣ ਕਾਰਨ ਸਾਡੀਆਂ ਫਸਲਾਂ ਪੈਦਾ ਨਹੀਂ ਹੋਣਗੀਆਂ। ਨਾਲ ਹੀ ਉਹਨਾਂ ਕਿਹਾ ਕਿ ਵੜਿੰਗ ਪਿੰਡ ਦੇ ਨਾਲ ਲੱਗਦੇ ਕਈ ਪਿੰਡਾਂ ਦਾ ਪਾਣੀ ਵੀ ਸੇਮ ਨਾਲੇ ਵਿਚ ਪੈਂਦਾ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਅਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ। ਸਬੰਧਤ ਮਹਿਕਮੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਸਿਆਸੀ ਲੀਡਰ ਸਾਡੇ ਪਿੰਡ ਵੋਟਾਂ ਲੈਣ ਲਈ ਤਾਂ ਆ ਜਾਂਦੇ ਹਨ। ਪਰ ਅੱਜ ਤੱਕ ਸਾਡੀ ਇਸ ਸਮੱਸਿਆ ਵੱਲ ਕਿਸੇ ਵੀ ਲੀਡਰ ਅਤੇ ਸਬੰਧਤ ਅਧਿਕਾਰੀਆਂ ਦਾ ਧਿਆਨ ਨਹੀਂ ਗਿਆ।
ਇਸ ਸਬੰਧੀ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (Deputy Commissioner) ਐਮ ਕੇ ਅਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦੀ ਹੀ ਟੀਮ ਬਣਾ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ:- ਭਾਰੀ ਮੀਂਹ ਨੇ ਮਚਾਈ ਤਬਾਹੀ, ਦੇਖੋ ਵੀਡੀਓ