ਸ੍ਰੀ ਮੁਕਤਸਰ ਸਾਹਿਬ: ਪਹਿਲਾ ਖਿਦਰਾਣਾ ਵਜੋਂ ਜਾਣੀ ਜਾਂਦੀ ਇਹ ਧਰਤੀ ਕਿਵੇਂ ਸ੍ਰੀ ਮੁਕਤਸਰ ਸਾਹਿਬ ਬਣੀ, ਅੱਜ ਇਸ ਇਤਿਹਾਸ ਬਾਰੇ ਜਾਣੂ ਹੋਵਾਂਗੇ। ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਗੱਲ ਕਰਾਂਗੇ ਇਸ ਪਵਿੱਤਰ ਥਾਂ ਬਣੇ ਇਤਿਹਾਸਕ ਗੁਰਦੁਆਰਿਆਂ ਦੀ ਅਤੇ ਇਸ ਨਾਲ ਸਬੰਧਤ ਇਤਿਹਾਸ ਬਾਰੇ।
ਖਿਦਰਾਣਾ ਤੋਂ ਬਣੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਇਤਿਹਾਸ: ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਮ ਖਿਦਰਾਣਾ ਸੀ ਅਤੇ ਇਸ ਜਗ੍ਹਾ ’ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇੱਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤ੍ਹਾ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ, ਤਾਂ ਥਲਿਓਂ ਪਾਣੀ ਹੀ ਇੰਨਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇੱਥੇ ਇੱਕ ਢਾਬ ਖੁਦਵਾਈ ਗਈ, ਜਿਸ ਵਿੱਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ। ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਜਲਾਲਾਬਾਦ ਦਾ ਵਸਨੀਕ ਸੀ। ਇਸ ਕਰਕੇ ਇਸ ਦਾ ਨਾਮ ਖਿਦਰਾਣੇ ਦੀ ਢਾਬ ਮਸ਼ਹੂਰ ਸੀ।
ਦਮਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਿਮ ਜੰਗ ਇੱਥੇ ਹੋਈ: ਇਸ ਖਿਦਰਾਣੇ ਦੀ ਢਾਬ ’ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਅੰਤਿਮ ਜੰਗ ਲੜੀ, ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈਂ ਵਿੱਚ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤਾਂ ਉਨ੍ਹਾਂ ਨੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦੇ ਵੱਖ-ਵੱਖ ਥਾਵਾਂ ਵਿੱਚ ਦੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਰੁਖ ਕੀਤਾ।
40 ਮੁਕਤਿਆ ਨੇ ਸਾਂਭਿਆ ਮੋਰਚਾ: ਮਾਲਵੇ ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ, ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ ਖਿਦਰਾਣੇ ਦੀ ਢਾਬ ਉੱਤੇ ਜਾ ਪਹੁੰਚੇ। ਗੁਰੂ ਜੀ ਖਿਦਰਾਣੇ ਅਜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀਆਂ ਫੌਜਾਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਇੱਥੇ ਪਹੁੰਚ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧੇ ਜੋ ਕਦੇ ਬੇਦਾਵਾ ਦੇ ਗਏ ਸਨ, ਨੇ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ ’ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਆਲੇ-ਦੁਆਲੇ ਝਾੜ ਉੱਗੇ ਹੋਏ ਸਨ। ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆਉਂਦੀ ਫੌਜ ਉੱਤੇ ਇੱਕ ਦਮ ਬਾਜਾਂ ਵਾਂਗ ਝਪਟ ਪਏ।
ਇਸੇ ਥਾਂ ਉੱਤੇ ਗੁਰੂ ਜੀ ਨੇ ਫਾੜ੍ਹਿਆ ਸੀ ਬੇਦਾਵਾ: ਇਹ ਲੜਾਈ 21 ਵਿਸਾਖ ਸੰਮਤ 1762 ਬਿਕਰਮੀ ਨੂੰ ਹੋਈ ਸੀ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ ’ਚੋਂ ਭੱਜ ਗਈਆਂ। ਇਸ ਜੰਗ ’ਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਗੁਰੂ ਜੀ ਦੇ ਵੀ ਕਈ ਸਿੰਘ ਸ਼ਹੀਦ ਹੋ ਗਏ। ਇਸੇ ਜਗ੍ਹਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵਈਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ’ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ ’ਤੇ ਸ਼ਹੀਦੀ ਪ੍ਰਾਪਤ ਕੀਤੀ।
ਮਾਤਾ ਭਾਗ ਕੌਰ ਦੀ ਬਹਾਦਰੀ: ਇਸ ਜੰਗ ਵਿੱਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ ’ਚ ਸ਼ਾਮਲ ਕਰ ਲਿਆ।
ਇਸ ਮਹੱਤਵਪੂਰਣ ਯੁੱਧ ਦੀ ਜਿੱਤ ਅਤੇ ਗੁਰੂ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ:
ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਨੰਦਪੁਰ ਸਾਹਿਬ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ ਮੁੜ ਜੋੜ ਦਿੱਤੀ ਸੀ। ਇਸੇ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸਸਕਾਰ ਕੀਤਾ ਸੀ। ਇਸ ਕਾਰਨ ਇਸਦਾ ਨਾਮ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪ੍ਰਸਿੱਧ ਹੈ। ਆਓ ਇਸ ਪਵਿੱਤਰ ਦਿਹਾੜੇ ’ਤੇ ਅਸੀ ਵੀ ਅਰਦਾਸ ਕਰੀਏ ਕਿ ‘ਟੁੱਟੀਆਂ ਗੰਢਣ ਵਾਲਿਆਂ ਸਾਨੂੰ ਗੰਢ ਕੇ ਰੱਖੀ।’
ਗੁਰਦੁਆਰਾ ਤੰਬੂ ਸਾਹਿਬ: ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਦੀਆਂ ਪ੍ਰਕਰਮਾ ਵਿਚ ਹੀ ਸਥਿਤ ਹੈ। ਇਸ ਅਸਥਾਨ ਤੇ 40 ਮੁਕਤਿਆਂ ਨੇ ਮੁਗ਼ਲਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫ਼ੌਜ ਨੂੰ ਆਉਂਦੀ ਦੇਖ ਝਾੜਾਂ ਅਤੇ ਝੁੰਡਾਂ ਉਪਰ ਅਪਣੇ ਕਪੜੇ ਅਤੇ ਚਾਦਰੇ ਤਾਣ ਕੇ ਮੁਗ਼ਲ ਫ਼ੌਜਾਂ ਨੂੰ ਸਿੰਘਾਂ ਦੀ ਫ਼ੌਜ ਵੱਡੀ ਹੋਣ ਦਾ ਭੁਲੇਖਾ ਪਾਇਆ ਸੀ।
ਗੁਰਦੁਆਰਾ ਟਿੱਬੀ ਸਾਹਿਬ: ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇਥੇ ਉੱਚਾ ਰੇਤਲਾ ਟਿੱਬਾ ਅਤੇ ਜੰਗਲ ਸੀ। ਇਥੋਂ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਜ਼ੀਰ ਖ਼ਾਨ ਦੀ ਫ਼ੌਜ 'ਤੇ ਗੁਰੂ ਜੀ ਦਾ ਪਿੱਛਾ ਕਰਦੀ 40 ਮੁਕਤਿਆਂ ਨਾਲ ਲੜ ਰਹੀ ਸੀ, ਤੀਰ ਚਲਾਉਂਦੇ ਰਹੇ ਸਨ।
ਗੁਰਦੁਆਰਾ ਦਾਤਣਸਰ ਸਾਹਿਬ: ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਪਰ ਗੁਰੂ ਜੀ ਦਾਤਣ ਕੁਰਲਾ ਕਰਿਆ ਕਰਦੇ ਸਨ ਅਤੇ ਇਕ ਦਿਨ ਜਦੋਂ ਗ਼ਦਾਰ ਮੁਸਲਮਾਨ ਨੂਰਦੀਨ ਨੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਤਲਵਾਰ ਨਾਲ ਗੁਰੂ ਜੀ 'ਤੇ ਹਮਲਾ ਕੀਤਾ ਤਾਂ ਗੁਰੂ ਜੀ ਨੇ ਬੜੀ ਫੁਰਤੀ ਨਾਲ ਵਾਰ ਬਚਾਉਂਦੇ ਹੋਏ ਪਾਣੀ ਵਾਲਾ ਗੜਵਾ ਮਾਰ ਕੇ ਉਸ ਨੂੰ ਮਾਰ ਦਿਤਾ ਸੀ।
ਗੁਰਦੁਆਰਾ ਖੂਹ ਪਾਤਸ਼ਾਹੀ ਦਸਵੀਂ: ਕਿਉਂਕਿ ਇਸ ਇਲਾਕੇ ਵਿਚ ਪਾਣੀ ਦੀ ਬਹੁਤ ਘਾਟ ਸੀ ਅਤੇ ਖਿਦਰਾਣੇ ਦੀ ਜੰਗ ਸਮੇਂ ਗੁਰੂ ਜੀ ਨੇ ਸੰਗਤਾਂ ਦੀ ਮੰਗ 'ਤੇ ਤੀਰ ਮਾਰ ਕੇ ਮਿੱਠਾ ਪਾਣੀ ਕੱਢਿਆ ਸੀ। ਇਸ ਸਥਾਨ ਪਰ ਅੱਜਕਲ ਗੁਰਦੁਆਰਾ ਗੁਰੂ ਦਾ ਖੂਹ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ।
ਗੁਰਦੁਆਰਾ ਰਕਾਬਸਰ ਸਾਹਿਬ: ਇਹ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੇ ਨੇੜੇ ਹੀ ਹੈ, ਜਦੋਂ ਗੁਰੂ ਜੀ ਇਥੇ ਖਿਦਰਾਣੇ ਦੀ ਰਣਭੂਮੀ ਵਲ ਚਾਲੇ ਪਾਉਣ ਲੱਗੇ ਤਾਂ ਜਦੋਂ ਉਹ ਘੋੜੇ 'ਤੇ ਚੜ੍ਹੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇਥੇ ਮੌਜੂਦ ਹੈ। ਇਸ ਸਥਾਨ ਪਰ ਹੀ ਗੁਰਦੁਆਰਾ ਰਕਾਬ ਸਾਹਿਬ ਸਥਾਪਤ ਹੈ।
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ : ਇਹ ਗੁਰਦੁਆਰਾ ਬਠਿੰਡਾ ਰੋਡ ’ਤੇ ਸਥਿਤ ਹੈ ਅਤੇ ਮਿੰਨੀ ਸਕੱਤਰੇਤ ਦੇ ਨੇੜੇ 80 ਫੁੱਟ ਉੱਚਾ 40 ਮੁਕਤਿਆਂ ਦੀ ਯਾਦ ਨੂੰ ਸਮਰਪਤ ਇਕ ਮੀਨਾਰ ਬਣਾਇਆ ਗਿਆ ਹੈ, ਜਿਸ ਦੇ 40 ਗੋਲ ਚੱਕਰ ਹਨ ਅਤੇ 40 ਮੁਕਤਿਆਂ ਦੇ ਨਾਂ ਅੰਕਿਤ ਹਨ।