ਮੁਕਤਸਰ-ਸਾਹਿਬ: ਚਾਹੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਫ੍ਰੀ ਬੱਸ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਚਲਦਿਆਂ ਬੱਸਾਂ ਵਿੱਚ 50 ਪ੍ਰਸੈਂਟ ਹੀ ਸਵਾਰੀਆਂ ਬਿਠਾਈਆਂ ਜਾ ਰਹੀਆਂ ਹਨ। ਅੱਜ ਗਿੱਦੜਬਾਹਾ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ, ਜਦੋਂ ਸਵਾਰੀਆਂ ਨੇ ਸਰਕਾਰੀ ਬੱਸਾਂ ਵਾਲਿਆਂ ਤੇ ਕਥਿਤ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਰਕਾਰੀ ਬੱਸਾਂ ਵਾਲੇ ਜਾਣਬੁੱਝ ਕੇ ਸਵਾਰੀਆਂ ਨੂੰ ਨਹੀਂ ਚੜ੍ਹਾ ਰਹੇ ਸੀ। ਜਿਸ ਕਾਰਨ ਸਵਾਰੀਆਂ ਆਪਣੇ ਕੰਮਕਾਰ ਤੇ ਜਿੱਥੇ ਨਹੀਂ ਪਹੁੰਚ ਰਹੀਆਂ ਉੱਥੇ ਹੀ ਬੀਮਾਰ ਅਤੇ ਮਰੀਜ਼ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਵਿਖੇ ਨੌਕਰੀ ਕਰਦਾ ਹੈ ਅਤੇ ਰੋਜ਼ ਬਠਿੰਡੇ ਡਿਊਟੀ ਲਈ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਸਵੇਰੇ ਅੱਠ ਵਜੇ ਤੋਂ ਆ ਕੇ ਭਾਰੂ ਚੌਂਕ ਵਿੱਚ ਖੜਾ ਹੈ ਅਤੇ ਹੁਣ ਗਿਆਰਾਂ ਵੱਜ ਗਏ ਹਨ। ਹਾਲੇ ਤੱਕ ਕੋਈ ਵੀ ਬੱਸ ਭਾਰੂ ਚੌਂਕ ਵਿਚ ਨਹੀਂ ਰੁਕੀ। ਉਨ੍ਹਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਦਿਹਾੜੀ ਦਾ ਵੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੀ ਸੱਤ ਸੌ ਰੁਪਏ ਦਿਹਾੜੀ ਹੈ, ਇਸ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਨੇ ਸਰਕਾਰ ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਜਿੱਥੇ ਸਰਕਾਰੀ ਬੱਸਾਂ ਵਾਲੇ ਇਹ ਕਹਿ ਕੇ ਲੰਘ ਜਾਂਦੇ ਹਨ ਕਿ ਅਸੀਂ ਸਵਾਰੀਆਂ ਵੱਧ ਨਹੀਂ ਚੜ੍ਹਾ ਸਕਦੇ ਨਹੀਂ ਤਾਂ ਸਾਡਾ ਚਲਾਨ ਹੋ ਜਾਵੇਗਾ ਪਰ ਪ੍ਰਾਈਵੇਟ ਬੱਸਾਂ ਵਾਲੇ ਤਾਂ ਬੱਸਾਂ ਤੁੰਨ ਤੁੰਨ ਕੇ ਲਿਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰੀ ਬੱਸਾਂ ਵਿੱਚ ਕੋਰੋਨਾ ਆਉਂਦਾ ਹੈ ਤਾਂ ਪ੍ਰਾਈਵੇਟ ਬੱਸਾਂ ਵਿਚ ਕੋਰੋਨਾ ਨਹੀਂ ਆਉਂਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਉੱਤੇ ਵੀ ਕਥਿਤ ਤੌਰ ਤੇ ਦੋਸ਼ ਲਗਾਉਂਦੇ ਦੱਸਿਆ ਕਿ ਜਦੋਂ ਸਵਾਰੀਆਂ ਨੇ ਆਪ ਇੱਕ ਆਉਂਦੀ ਸਰਕਾਰੀ ਬੱਸ ਨੂੰ ਰੋਕਿਆ ਤਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਧੱਕੇ ਨਾਲ ਬੱਸ ਮਗਰੋਂ ਹਟਾ ਦਿੱਤਾ ਅਤੇ ਬੱਸ ਨੂੰ ਜਾਣ ਦਿੱਤਾ।
ਇਸ ਮੌਕੇ ਮੌਜੂਦ ਮਹਿਲਾ ਮੁਸਾਫਰ ਨੇ ਦੱਸਿਆ ਕਿ ਚਾਹੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਕਿਰਾਇਆ ਮੁਫ਼ਤ ਕਰ ਦਿੱਤਾ ਗਿਆ ਹੈ। ਪਰ ਸਰਕਾਰੀ ਬੱਸਾਂ ਵਾਲੇ ਸਾਨੂੰ ਚੜ੍ਹਾਉਣ ਵਾਸਤੇ ਬੱਸਾਂ ਹੀ ਨਹੀਂ ਰੋਕਦੇ ਅਸੀਂ ਭੋਗ ਉੱਤੇ ਜਾਣਾ ਸੀ। ਅਸੀਂ ਹੁਣ ਤਿੰਨ ਚਾਰ ਜਣੀਆਂ ਇਕੱਲੀਆਂ ਹਾਂ। ਸਾਡੇ ਨਾਲ ਤਾਂ ਕੋਈ ਮਰਦ ਵੀ ਨਹੀਂ ਹੈ ਹੁਣ ਅਸੀਂ ਕਿੱਧਰ ਜਾਈਏ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਬੜੀ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।