ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਡੂੰਘਾ ਵਿਖੇ ਇੱਕ ਵਿਆਹੁਤਾ ਉੱਤੇ ਉਸ ਦੇ ਪਤੀ ਵੱਲੋਂ ਜਵਲਨਸ਼ੀਲ ਪਦਾਰਥ ਸੁੱਟ ਕੇ ਉਸ ਸਾੜਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਜਾਰੀ ਹੈ।
ਪੀੜਤਾ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ 7 ਸਾਲ ਪਹਿਲਾਂ ਉਸ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਗਹਿਰੀ 'ਚ ਹੋਇਆ ਸੀ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਅਤੇ ਉਸ ਦੇ ਸੁਹਰੇ ਪਰਿਵਾਰ ਦੇ ਲੋਕ ਉਸ ਨੂੰ ਦਾਜ ਲਈ ਲਗਾਤਾਰ ਪਰੇਸ਼ਾਨ ਕਰਦੇ ਹਨ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਸ ਦਾ ਪਤੀ ਉਸ ਕੋਲੋਂ ਵਾਰ-ਵਾਰ ਜਬਰਨ ਤਲਾਕ ਦੀ ਮੰਗ ਕਰਦਾ ਸੀ। ਪਿਛਲੇ ਕੁੱਝ ਮਹੀਨੀਆਂ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਜਦੋਂ ਉਹ ਆਪਣੀ ਮਾਂ ਨਾਲ ਸਰਦੀਆਂ ਦੇ ਕਪੜੇ ਲੈਣ ਸਹੁਰੇ ਘਰ ਗਈ ਤਾਂ ਉਸ ਦੇ ਪਤੀ ਅਤੇ ਦਿਓਰ ਨੇ ਮਿਲ ਕੇ ਉਸ ਉੱਤੇ ਜਵਲਨਸ਼ੀਲ ਪਦਾਰਥ ਸੁੱਟ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ।
ਪੀੜਤਾ ਦੇ ਮਾਤਾ-ਪਿਤਾ ਵੱਲੋਂ ਵੀ ਉਸ ਦੇ ਪੀੜਤਾ ਦੇ ਸੁਹਰੇ ਪਰਿਵਾਰ ਵੱਲੋਂ ਤੰਗ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਪੀੜਤਾ ਦੇ ਮਾਤਾ-ਪਿਤਾ ਨੇ ਇਨਸਾਫ ਦੀ ਮੰਗ ਕਰਦੇ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਬਾਰੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾ ਅਤੇ ਉਸ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਹੈ। ਉਨ੍ਹਾਂ ਮੁਲਜ਼ਮਾਂ ਵਿਰੁੱਧ ਕਾਰਵਾਈ ਜਾਰੀ ਹੈ।