ਸ੍ਰੀ ਮੁਕਤਸਰ ਸਾਹਿਬ: ਅੱਜ ਮਾਘੀ ਦੇ ਦਿਹਾੜੇ ਤੇ ਅਸੀਂ ਪਹੁੰਚੇ ਹਾਂ ਸ੍ਰੀ ਮੁਕਤਸਰ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਸਿੰਘਾਂ ਵੱਲੋਂ ਦਿੱਤੇ ਬੇਦਾਵੇ ਨੂੰ ਪਾੜਿਆ ਸੀ ਅਤੇ ਟੁੱਟੀ ਗੰਢੀ ਸੀ। ਆਓ ਝਾਤ ਪਾਉਂਦੇ ਹਾਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ 'ਤੇ।
ਸ੍ਰੀ ਮੁਕਤਸਰ ਸਾਹਿਬ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਢਾਬ ਇਲਾਕੇ ਨੂੰ ਪਾਣੀ ਦੀ ਪੂਰਤੀ ਕਰਨ ਲਈ ਖੁਦਵਾਈ ਗਈ ਸੀ ਜਿਸ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੁੰਦਾ ਸੀ ਅਤੇ ਇਲਾਕੇ ਲਈ ਇਹ ਪਾਣੀ ਦਾ ਅਹਿਮ ਸ੍ਰੋਤ ਸੀ।
ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਮੁਗ਼ਲ ਅਤੇ ਪਹਾੜੀ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਸੀ ਉਸ ਵੇਲੇ ਮਾਝੇ ਦੇ 40 ਸਿੰਘ ਭੁੱਖ ਦੁਖੋਂ ਤੰਗ ਹੋ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਅਨੰਦਪੁਰ ਸਾਹਿਬ ਛੱਡ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸਨ।
ਦੂਜੇ ਪਾਸੇ ਜਦੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਚਮਕੌਰ ਸਾਹਿਬ ਦੀ ਜੰਗ ਲੜਨ ਉਪਰੰਤ ਮਾਲਵੇ ਦੀ ਧਰਤੀ ਵੱਲੇ ਵਧ ਰਹੇ ਸਨ ਤਾਂ ਉਸ ਵੇਲੇ ਮੁਗ਼ਲ ਫ਼ੌਜਾਂ ਵੀ ਗੁਰੂ ਸਾਹਿਬ ਦਾ ਲਗਾਤਾਰ ਪਿੱਛਾ ਕਰ ਰਹੀਆਂ ਸਨ। ਜਿਸ ਵੇਲੇ 21 ਵੈਸਾਖ਼ ਸੰਮਤ 1762 ਨੂੰ ਗੁਰੂ ਸਾਹਿਬ ਖਿਦਰਾਣੇ ਦੀ ਢਾਬ 'ਤੇ ਪਹੁੰਚਦੇ ਹਨ ਤਾਂ ਇੱਥੇ ਹੀ ਮਾਈ ਭਾਗੋ ਦੀ ਅਗਵਾਈ ਹੇਠ ਮਾਝੇ ਦੀ ਧਰਤੀ ਤੋਂ ਚੱਲੇ ਚਾਲੀ ਸਿੰਘ ਜੋ ਕਿ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆਏ ਸੀ ਉਨ੍ਹਾਂ ਨੇ ਹੀ ਮੁਗ਼ਲਾਂ ਖ਼ਿਲਾਫ਼ ਗਹਿ ਗੱਚ ਲੜਾਈ ਲੜੀ ਅਤੇ ਸ਼ਹੀਦੀ ਦਾ ਜਾਮ ਪੀਤਾ।
ਗ਼ੌਰਤਲਬ ਹੈ ਕਿ ਗੁਰੂ ਸਾਹਿਬ ਦੀ ਇਹ 14ਵੀਂ ਜੰਗ ਸੀ। ਮੁਗ਼ਲਾਂ ਨੂੰ ਕਰਾਰੀ ਸ਼ਿਕਸਤ ਦੇਣ ਉਪਰੰਤ ਜਦੋਂ ਗੁਰੂ ਸਾਹਿਬ ਜੰਗ ਦੇ ਮੈਦਾਨ 'ਚ ਸ਼ਹੀਦ ਹੋਏ ਸਿੰਘਾਂ ਨੂੰ ਇਹ ਮੇਰਾ ਪੰਜ ਹਜ਼ਾਰੀ ਤੇ ਇਹ ਮੇਰਾ ਦਸ ਹਜ਼ਾਰੀ ਦਾ ਖ਼ਿਤਾਬ ਦੇ ਰਹੇ ਸਨ, ਤਾਂ ਉਸ ਵੇਲੇ ਭਾਈ ਮਹਾਂ ਸਿੰਘ ਦੇ ਸਾਹ ਚੱਲ ਰਹੇ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂ ਸਿੰਘ ਦੇ ਸੀਸ ਨੂੰ ਆਪਣੀ ਗੋਦ ਵਿੱਚ ਰੱਖ ਕੇ ਕਹਿੰਦੇ ਹਨ ਮਹਾਂ ਸਿੰਘਾਂ ਮੰਗ ਜੋ ਮੰਗਦਾ ਹੈ, ਤਾਂ ਉਸ ਵੇਲੇ ਮਹਾਂ ਸਿੰਘ ਨੇ ਕਿਹਾ ਕਿ ਪਿਤਾ ਜੀ ਜੇ ਤੁੱਠੇ ਹੋ ਤਾਂ ਸਾਡੇ ਵੱਲੋਂ ਲਿਖਿਆ ਬੇਦਾਵਾ ਪਾੜ ਦਿਓ। ਗੁਰੂ ਸਾਹਿਬ ਨੇ ਕਿਹਾ ਮਹਾਂ ਸਿੰਘਾ ਅਸੀਂ ਬੇਦਾਵਾ ਆਪਣੇ ਕੋਲ ਹੀ ਰੱਖਿਆ ਹੋਇਆ ਹੈ ਅਤੇ ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਲਈ ਅਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ। ਗੁਰੂ ਸਾਹਿਬ ਨੇ ਉਸੇ ਵੇਲੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਸਾਹਿਬ ਦਾ ਨਾਮ ਵੀ ਬਖ਼ਸ਼ਿਆ।
ਹਰ ਸਾਲ 1 ਮਾਘਿ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਾਘੀ ਦਾ ਮੇਲਾ ਮਨਾਉਂਦੀਆਂ ਹਨ ਅਤੇ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ।